ਲੁਧਿਆਣਾ : ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਸੰਚਾਰ ਅਤੇ ਪ੍ਰਸਿੱਧ ਪਸਾਰ ਮਾਹਿਰ ਡਾ. ਤੇਜਿੰਦਰ ਸਿੰਘ ਰਿਆੜ ਨੂੰ ਬੀਤੇ ਦਿਨੀਂ ਪੰਜਾਬ ਬਾਸਕਟਬਾਲ ਐਸੋਸੀਏਸ਼ਨ (ਰਜਿ:) ਨੇ ਸਨਮਾਨਿਤ ਕੀਤਾ । ਡਾ. ਰਿਆੜ ਨੂੰ ਇਹ ਸਨਮਾਨ ਬਾਸਕਟਬਾਲ ਦੇ ਖੇਤਰ ਵਿੱਚ ਦਿੱਤੀਆਂ ਗਈਆਂ ਸੇਵਾਵਾਂ ਲਈ ਪ੍ਰਦਾਨ ਕੀਤਾ ਗਿਆ । ਜ਼ਿਕਰਯੋਗ ਹੈ ਕਿ ਆਪਣੇ ਵਿਦਿਆਰਥੀ ਜੀਵਨ ਦੌਰਾਨ ਡਾ. ਰਿਆੜ ਬਾਸਕਟਬਾਲ ਦੇ ਉੱਚ ਕੋਟੀ ਦੇ ਖਿਡਾਰੀ ਰਹੇ ਹਨ ।
ਇਸ ਤੋਂ ਇਲਾਵਾ ਉਹਨਾਂ ਨੇ ਪੀ.ਏ.ਯੂ. ਵਿੱਚ ਪਿਛਲੇ ਤਿੰਨ ਦਹਾਕਿਆਂ ਵਿੱਚ ਬਾਸਕਟਬਾਲ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਉਹਨਾਂ ਦੀ ਖੇਡ ਨੂੰ ਨਿਖਾਰਨ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ । ਇਸ ਮੌਕੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਨਿਰਦੇਸ਼ਕ ਜਨਰਲ ਆਫ ਪੁਲਿਸ ਸ. ਆਰ ਐੱਸ ਗਿੱਲ ਆਈ ਪੀ ਐੱਸ ਨੇ ਕਿਹਾ ਕਿ ਡਾ. ਰਿਆੜ ਵੱਲੋਂ ਇਸ ਖੇਡ ਲਈ ਦਿੱਤਾ ਗਿਆ ਯੋਗਦਾਨ ਬੇਮਿਸਾਲ ਹੈ ।
ਇਸ ਮੌਕੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਤੇਜਾ ਸਿੰਘ ਧਾਲੀਵਾਲ ਨੇ ਡਾ. ਰਿਆੜ ਨੂੰ ਬਿਹਤਰ ਖਿਡਾਰੀ ਅਤੇ ਕੁਸ਼ਲ ਅਧਿਆਪਕ ਦੇ ਨਾਲ-ਨਾਲ ਵਿਦਿਆਰਥੀਆਂ ਦਾ ਪ੍ਰੇਰਣਾ ਸਰੋਤ ਵੀ ਕਿਹਾ । ਉਹਨਾਂ ਕਿਹਾ ਕਿ ਡਾ. ਰਿਆੜ ਵੱਲੋਂ ਸਿਖਿਅਤ ਕੀਤੇ ਖਿਡਾਰੀਆਂ ਨੇ ਇਸ ਖੇਡ ਦੀ ਸੇਵਾ ਕੀਤੀ ਹੈ ।ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਸਨਮਾਨ ਲਈ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਬਾਸਕਟਬਾਲ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦਾ ਪ੍ਰਣ ਕੀਤਾ ।