ਪਟਿਆਲਾ : ਰਾਜਪੁਰਾ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਨ ਵਾਲੀ ਨਾਭਾ ਪਾਵਰ ਪਲਾਂਟ ਨੇ ‘ਨਾਰਦਰਨ ਕੋਲਫੀਲਡਜ਼ ਲਿਮਟਿਡ’ (ਐੱਨਸੀਐੱਲ) ਤੋਂ ਕੋਲੇ ਦੀ ਸਪਲਾਈ ਲਈ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਇਸ ਨਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਨੂੰ ਵਿੱਤੀ ਲਾਭ ਹੋਵੇਗਾ। ਇਸ ਨਾਲ ਕੋਲੇ ਦੀ ਆਵਾਜਾਈ ਖਰਚਿਆਂ ਨੂੰ ਘਟਾ ਕੇ ਬਿਜਲੀ ਉਤਪਾਦਨ ਦੀ ਲਾਗਤ ਨੂੰ ਘਟਾਇਆ ਜਾਵੇਗਾ।
ਢੋਆ-ਢੁਆਈ ਦੀ ਲਾਗਤ ਪੰਜਾਬ ਰਾਜ ਵਿਚ ਕੁੱਲ ਕੋਲੇ ਦੀ ਲਾਗਤ ਦਾ ਲਗਪਗ 60 ਫ਼ੀਸਦੀ ਬਣਦੀ ਹੈ, ਕਿਉਂਕਿ ਕੋਲੇ ਦੀਆਂ ਖਾਣਾਂ 1000 ਕਿਲੋਮੀਟਰ ਤੋਂ ਵੱਧ ਦੂਰੀ ‘ਤੇ ਸਥਿਤ ਹਨ। ਮਈ 2018 ਵਿਚ, ਕੇਂਦਰੀ ਕੋਲਾ ਮੰਤਰਾਲੇ ਨੇ ਥਰਮਲ ਪਲਾਂਟਾਂ ਦੇ ਕੋਲਾ ਿਲੰਕੇਜ ਨੂੰ ਇਕ ਕੋਲਾ ਕੰਪਨੀ ਤੋਂ ਦੂਜੀ ਵਿਚ ਤਬਦੀਲ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਤਾਂ ਜੋ ਕੋਲੇ ਦੀ ਲਾਗਤ ਨੂੰ ਘੱਟ ਕੀਤਾ ਜਾ ਸਕੇ।
ਨਾਭਾ ਪਾਵਰ ਦੇ ਚੇਅਰਮੈਨ ਡੀਕੇ ਸੇਨ ਨੇ ਕਿਹਾ ਕਿ ਐੱਨਸੀਐੱਲ ਨਾਲ ਕੋਲਾ ਦਾ ਤਬਾਦਲਾ ਪੀਐੱਸਪੀਸੀਐੱਲ ਦੇ ਸਹਿਯੋਗ ਨਾਲ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ, ਜਿਸ ਦੇ ਸਪਲੀਮੈਂਟਰੀ ਪਾਵਰ ਪਰਚੇਜ਼ ਐਗਰੀਮੈਂਟ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਮਨਜ਼ੂਰ ਦੇ ਦਿੱਤੀ ਗਈ ਹੈ। ਇਸ ਨਾਲ ਨਾਭਾ ਪਾਵਰ ਪੰਜਾਬ ਨੂੰ ਸਭ ਤੋਂ ਘੱਟ ਕੀਮਤ ਅਤੇ ਭਰੋਸੇਯੋਗ ਬਿਜਲੀ ਪ੍ਰਦਾਨ ਕਰਨ ਦੀ ਆਪਣੀ ਨਿਰੰਤਰ ਵਚਨਬੱਧਤਾ ਨੂੰ ਪੂਰਾ ਕਰਨ ਵਿਚ ਵੀ ਕਾਮਯਾਬ ਹੋਵੇਗਾ।