ਲੁਧਿਆਣਾ : ਪੀਆਰਟੀਸੀ ਦੀ ਬੱਸ ਦਾ ਡਰਾਈਵਰ ਦਿੱਲੀ ਤੋਂ ਚੂਰਾਪੋਸਤ ਲਿਆ ਕੇ ਪੰਜਾਬ ਵਿੱਚ ਵੇਚਦਾ ਸੀ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਉਸ ਨੂੰ ਪੰਜ ਕਿਲੋ ਚੂਰਾਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ। ਬੱਸ ਨੂੰ ਵੀ ਪੁਲਸ ਨੇ ਹਿਰਾਸਤ ਚ ਲੈ ਲਿਆ। ਦੋਸ਼ੀ ਡਰਾਈਵਰ ਨੂੰ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਏ ਸੀ ਪੀ ਸਿਵਲ ਲਾਈਨਜ਼ ਹਰੀਸ਼ ਬਹਿਲ ਨੇ ਦੱਸਿਆ ਕਿ ਮੋਗਾ ਦੇ ਬੇਦੀ ਨਗਰ ਦਾ ਰਹਿਣ ਵਾਲਾ ਗੁਰਦੀਪ ਸਿੰਘ ਉਰਫ ਲਾਡੀ ਪੀ ਆਰ ਟੀ ਸੀ ਵਿਚ ਡਰਾਈਵਰ ਹੈ।
ਐੱਸ ਐੱਚ ਓ ਨੀਰਜ ਚੌਧਰੀ ਨੂੰ ਬੁੱਧਵਾਰ ਸਵੇਰੇ ਸੂਚਨਾ ਮਿਲੀ ਸੀ ਕਿ ਪੀ ਆਰ ਟੀ ਸੀ ਦੀ ਬੱਸ ਨੰਬਰ ਪੀ ਬੀ 03 ਏ ਜੇ 5403 ਦਾ ਡਰਾਈਵਰ ਦਿੱਲੀ ਤੋਂ ਚੂਰਾਪੋਸਤ ਲੈ ਕੇ ਦਿੱਲੀ ਤੋਂ ਆ ਰਿਹਾ ਹੈ। ਪੁਲਸ ਨੇ ਜਦੋਂ ਬੱਸ ਸਟੈਂਡ ਤੇ ਜਾ ਕੇ ਬੱਸ ਦੀ ਤਲਾਸ਼ੀ ਲਈ ਤਾਂ ਉਸ ਚੋਂ 5 ਕਿਲੋ ਚੂਰਾਪੋਸਤ ਬਰਾਮਦ ਹੋਈ। ਡਰਾਈਵਰ ਨੇ ਦੱਸਿਆ ਕਿ ਉਹ ਨਵੀਂ ਦਿੱਲੀ ਦੇ ਲਾਹੌਰੀ ਗੇਟ ਇਲਾਕੇ ਤੋਂ ਚੂਰਾਪੋਸਤ ਖਰੀਦ ਕੇ ਲਿਆਉਂਦਾ ਸੀ। ਉਹ ਖੁਦ ਵੀ ਪਾਊਡਰ ਪੀਂਦਾ ਹੈ। ਉਸ ਨੇ ਆਪਣੇ ਨਸ਼ੇ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਇਸ ਦੀ ਤਸਕਰੀ ਵੀ ਸ਼ੁਰੂ ਕਰ ਦਿੱਤੀ।