ਲੁਧਿਆਣਾ : ਬੀਤੇ ਮਹੀਨੇ ਪੰਜਾਬ ਵਿੱਚ ਆਏ ਹੜਾਂ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਕਿਸਾਨਾਂ ਦੀ ਫ਼ਸਲ ਪ੍ਰਭਾਵਿਤ ਹੋਈ ਸੀ | ਪੀ.ਏ.ਯੂ. ਨੇ ਇੱਕ ਵਿਸ਼ੇਸ਼ ਪਹਿਲਕਦਮੀ ਕਰਦਿਆਂ ਇਹਨਾਂ ਕਿਸਾਨਾਂ ਨੂੰ ਝੋਨੇ ਦੀ ਕਿਸਮ ਪੀ ਆਰ-126 ਅਤੇ ਪੂਸਾ ਬਾਸਮਤੀ-1509 ਦੀ ਪਨੀਰੀ ਉਪਲੱਬਧ ਕਰਵਾਈ ਹੈ |

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਆਪਣੇ ਵੱਖ-ਵੱਖ ਕੇਂਦਰਾਂ ਵਿੱਚ 30 ਏਕੜ ਦੇ ਕਰੀਬ ਰਕਬੇ ਤੇ ਪੀ ਆਰ-126 ਅਤੇ 10 ਏਕੜ ਰਕਬੇ ਤੇ ਪੂਸਾ ਬਾਸਮਤੀ-1509 ਦੀ ਪਨੀਰੀ ਦੀ ਬਿਜਾਈ ਕੀਤੀ ਸੀ ਤਾਂ ਜੋ ਕਿਸਾਨਾਂ ਦੇ ਹੋਏ ਨੁਕਸਾਨ ਨੂੰ ਘੱਟ ਕਰਨ ਲਈ ਉਹਨਾਂ ਨੂੰ ਦੁਬਾਰਾ ਬਿਜਾਈ ਵਿੱਚ ਸਹਿਯੋਗ ਕੀਤਾ ਜਾ ਸਕੇ | ਡਾ. ਗੋਸਲ ਨੇ ਕਿਹਾ ਕਿ ਲੋੜਵੰਦ ਕਿਸਾਨ ਆਪਣੇ ਨੇੜੇ ਦੇ ਕੇਂਦਰ ਤੋਂ ਪੀ ਆਰ-126 ਜਾਂ ਪੂਸਾ ਬਾਸਮਤੀ-1509 ਦੀ ਪਨੀਰੀ ਮੁਫ਼ਤ ਵਿੱਚ ਹਾਸਲ ਕਰ ਸਕਦੇ ਹਨ |

ਇਹਨਾਂ ਕੇਂਦਰਾਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ, ਕ੍ਰਿਸ਼ੀ ਵਿਗਿਆਨ ਕੇਂਦਰ ਫਤਹਿਗੜ੍ਹ ਸਾਹਿਬ, ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ, ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ, ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ, ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ, ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ, ਕ੍ਰਿਸ਼ੀ ਵਿਗਿਆਨ ਕੇਂਦਰ ਖੋਖਰਪੁਰ ਮਾਨਸਾ, ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਮੋਗਾ ਪਨੀਰੀ ਮੁਫ਼ਤ ਵਿੱਚ ਹਾਸਲ ਕਰ ਸਕਦੇ ਹਨ .

ਕ੍ਰਿਸ਼ੀ ਵਿਗਿਆਨ ਕੇਂਦਰ ਗੋਨਿਆਣਾ ਮੁਕਤਸਰ ਸਾਹਿਬ, ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਪਟਿਆਲਾ, ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ, ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਸੰਗਰੂਰ, ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਸ਼ਹੀਦ ਭਗਤ ਸਿੰਘ ਨਗਰ ਤੋਂ ਇਲਾਵਾ ਯੂਨੀਵਰਸਿਟੀ ਬੀਜ ਫਾਰਮ ਨਰਾਇਣਗੜ, ਯੂਨੀਵਰਸਿਟੀ ਬੀਜ ਫਾਰਮ ਨਾਭਾ, ਯੂਨੀਵਰਸਿਟੀ ਬੀਜ ਫਾਰਮ ਲਾਢੋਵਾਲ, ਯੂਨੀਵਰਸਿਟੀ ਬੀਜ ਫਾਰਮ ਖਨੌੜਾ, ਯੂਨੀਵਰਸਿਟੀ ਬੀਜ ਫਾਰਮ ਫਰੀਦਕੋਟ ਸ਼ਾਮਿਲ ਹਨ |