ਲੁਧਿਆਣਾ : ਵੈਟਰਨਰੀ ਯੂਨੀਵਰਸਿਟੀ ਨਾਨ-ਟੀਚਿੰਗ ਕਰਮਚਾਰੀ ਯੂਨੀਅਨ ਲੁਧਿਆਣਾ ਵਲੋਂ ਅੱਜ ਛੇਵੇਂ ਦਿਨ ਵੀ 6ਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਬਣਦੀ ਤਨਖ਼ਾਹ ਅਤੇ ਪੈਨਸ਼ਨਜ਼ ਨਾ ਮਿਲਣ ਕਰ ਕੇ ਧਰਨਾ ਤੇ ਰੋਸ ਪ੍ਰਦਰਸ਼ਨ ਜਾਰੀ ਹੀ ਰਿਹਾ | ਯੂਨੀਅਨ ਦੇ ਪ੍ਰਧਾਨ ਦੀਦਾਰ ਸਿੰਘ ਨੇ ਦੱਸਿਆ ਕਿ ਗਡਵਾਸੂ ਦੇ ਕਰਮਚਾਰੀਆਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਨਵੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ |
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਯੂਨੀਵਰਸਿਟੀ ਅਧਿਕਾਰੀਆਂ ਨੂੰ 6ਵੇਂ ਪੇ ਕਮਿਸ਼ਨ ਅਨੁਸਾਰ ਸੋਧੀ ਹੋਈ ਤਨਖ਼ਾਹ ਅਤੇ ਪੈਨਸ਼ਨ ਯੂਨੀਵਰਸਿਟੀ ਪੱਧਰ ‘ਤੇ ਜਾਰੀ ਕਰਨ ਲਈ ਕਿਹਾ ਗਿਆ ਹੈ, ਪਰ ਯੂਨੀਵਰਸਿਟੀ ਦੇ ਉਪ ਕੁਲਪਤੀ ਵਲੋਂ ਸਰਕਾਰ ਦੀ ਕਹੀ ਗੱਲ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਕਰਕੇ ਯੂਨੀਵਰਸਿਟੀ ਦਾ ਮਾਹੌਲ ਜਾਣ ਬੁੱਝਕੇ ਖ਼ਰਾਬ ਕੀਤਾ ਜਾ ਰਿਹਾ ਹੈ |
ਅੱਜ ਦੇ ਇਸ ਧਰਨੇ ਨੂੰ ਪੀ.ਏ.ਯੂ. ਨਾਨ-ਟੀਚਿੰਗ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ, ਮਨਮੋਹਨ ਸਿੰਘ ਜਨਰਲ ਸਕੱਤਰ, ਪੀ.ਏ.ਯੂ. ਦਰਜਾ ਚਾਰ ਦੇ ਪ੍ਰਧਾਨ ਵਰਿੰਦਰ ਪੰਡੋਰੀ, ਗਡਵਾਸੂ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਕੁਮਾਰ ਸੱਭਰਵਾਲ ਅਤੇ ਪੀ.ਏ.ਯੂ. ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀ.ਪੀ. ਮੌੜ ਨੇ ਇਸ ਧਰਨੇ ਦਾ ਸਮਰਥਨ ਕੀਤਾ |