ਲੁਧਿਆਣਾ : ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਫੋਕਲ ਪੁਆਇੰਟ ਲੁਧਿਆਣਾ ਵਿਚਲੇ ਦਫ਼ਤਰ ਵਿਚ ਏਵਨ ਸਾਈਕਲਜ਼ ਲਿਮਟਿਡ ਵੱਲੋਂ ਵਰਟੀਕਲ ਗਾਰਡਨ ਦਾ ਉਦਘਾਟਨ ਕੀਤਾ ਗਿਆ। ਬੋਰਡ ਦੇ ਮੁੱਖ ਦਰਵਾਜ਼ੇ ‘ਤੇ ਵੱਖ-ਵੱਖ ਕਿਸਮਾਂ ਦੇ 900 ਬੂਟਿਆਂ ਵਾਲੇ ਬਰਤਨ ਲਗਾਏ ਗਏ ਹਨ, ਇਸ ਤੋਂ ਇਲਾਵਾ ਬੂਟਿਆਂ ਨੂੰ ਰੋਜ਼ਾਨਾ ਪਾਣੀ ਦੇਣ ਲਈ ਇਕ ਸਮਰਪਿਤ ਤੁਪਕਾ ਸਿੰਚਾਈ ਸਹੂਲਤ ਸਥਾਪਤ ਕੀਤੀ ਗਈ ਹੈ।
ਇਸ ਸਾਲ ਦੇ ਸ਼ੁਰੂ ਵਿਚ ਹੀ ਏਵਨ ਸਾਈਕਲਜ਼ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸਹਿਯੋਗ ਨਾਲ ‘ਸਿੰਗਲ-ਯੂਜ਼ ਪਲਾਸਟਿਕ ਨੂੰ ਨਾਂਕ’ ਮੁਹਿੰਮ ਚਲਾਈ ਅਤੇ ਆਮ ਲੋਕਾਂ, ਸਕੂਲੀ ਬੱਚਿਆਂ ਅਤੇ ਕਿਸਾਨਾਂ ਨੂੰ ਬਹੁਤ ਸਾਰੇ ਕੱਪੜੇ ਦੇ ਬੈਗ ਵੰਡੇ। ਏਵਨ ਸਾਈਕਲਜ਼ ਲਿਮਟਿਡ ਦੇ ਸੀਐਮਡੀ ਓਂਕਾਰ ਸਿੰਘ ਪਾਹਵਾ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਇਖਲਾਕੀ ਫਰਜ਼ ਬਣਦਾ ਹੈ।
ਪਰਦੀਪ ਗੁਪਤਾ ਚੀਫ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਲੁਧਿਆਣਾ ਅਤੇ ਪੰਕਜ ਸ਼ਰਮਾ ਮੈਂਬਰ ਬੋਰਡ ਪੀਪੀਸੀਬੀ ਨੇ ਕਾਰਪੋਰੇਟ ਇਨਵਾਇਰਨਮੈਂਟ ਰਿਸਪੌਂਸੀਬਿਲਟੀ ਦੇ ਤਹਿਤ ਲਏ ਗਏ ਏਵਨ ਸਾਈਕਲਜ਼ ਲਿਮਟਿਡ ਦੇ ਯਤਨਾਂ ਅਤੇ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਹੋਰ ਉਦਯੋਗਾਂ ਲਈ ਇੱਕ ਮਿਸਾਲ ਕਾਇਮ ਕੀਤੀ। ਇਸ ਮੌਕੇ ਰੋਹਿਤ ਪਾਹਵਾ ਨੋਵਾ ਸਾਈਕਲਜ਼, ਵੀਐਲ ਸਹਿਗਲ ਏਵਨ ਇਸਪਾਤ ਅਤੇ ਡਾ: ਦੀਪਕ ਜੈਨ ਏਵੀਪੀ ਏਵਨ ਸਾਈਕਲਜ਼ ਲਿਮਟਿਡ ਹਾਜ਼ਰ ਸਨ।