ਪੰਜਾਬੀ
ਪਿੰਡ ਨੱਥੋਵਾਲ ਦੇ ਅਗਾਂਹਵਧੂ ਲੋਕ ਸਮਾਜ ਲਈ ਮਿਸਾਲ ਬਣੇ – ਡਿਪਟੀ ਕਮਿਸ਼ਨਰ
Published
3 years agoon
ਰਾਏਕੋਟ/ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾ ਨੇ ਪਿੰਡ ਨੱਥੋਵਾਲ ਦੇ ਅਗਾਂਹਵਧੂ ਲੋਕਾਂ ਨੂੰ ਸਮਾਜ ਲਈ ਰਾਹ ਦਸੇਰਾ ਕਹਿੰਦਿਆਂ ਹੋਰ ਪਿੰਡਾਂ ਦੇ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਪ੍ਰਵਾਸੀ ਭਾਰਤੀ ਪਰਿਵਾਰਾਂ ਦੇ ਸਹਿਯੋਗ ਨਾਲ ਆਪਣੇ ਪਿੰਡਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ। ਉਹ ਅੱਜ ਪਿੰਡ ਨੱਥੋਵਾਲ ਵਿਖੇ ਪ੍ਰਵਾਸੀ ਭਾਰਤੀ ਪਰਿਵਾਰਾਂ ਦੇ ਸਹਿਯੋਗ ਨਾਲ ਬਣਾਏ ਸਰਕਾਰੀ ਪ੍ਰਾਇਮਰੀ ਸਕੂਲ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਸਮਾਗਮ ਵਿੱਚ ਰਾਏਕੋਟ ਦੇ ਐੱਸ ਡੀ ਐੱਮ ਸ੍ਰ ਗੁਰਬੀਰ ਸਿੰਘ ਕੋਹਲੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।
ਉਹਨਾਂ ਕੈਨੇਡਾ ਵਾਸੀ ਸ੍ਰ ਗੁਰਦੀਪ ਸਿੰਘ ਬੁੱਟਰ (ਇਕੱਲੇ ਪਰਿਵਾਰ ਨੇ 25 ਲੱਖ ਰੁਪਏ ਤੋਂ ਵਧੇਰੇ ਰਾਸ਼ੀ ਦਾ ਯੋਗਦਾਨ ਪਾਇਆ) ਅਤੇ ਹੋਰ ਦਾਨੀ ਸੱਜਣਾਂ ਵੱਲੋਂ ਇਸ ਇਮਾਰਤ ਨੂੰ ਤਿਆਰ ਕਰਨ ਵਿਚ ਪਾਏ ਯੋਗਦਾਨ ਦੀ ਉਚੇਚੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਨੱਥੋਵਾਲ ਨੇ ਸਮਾਜ ਵਿੱਚ ਵਿਕਾਸ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਸਿੱਖਿਆ ਦਾ ਪੱਧਰ ਉੱਪਰ ਚੁੱਕਣ ਲਈ ਸਥਾਨਕ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ ਹੈ। ਉਹਨਾਂ ਭਰੋਸਾ ਦਿੱਤਾ ਕਿ ਪਿੰਡ ਨੱਥੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾਂ ਦੀ ਕਮੀ ਦੂਰ ਕਰਨ ਦੇ ਨਾਲ-ਨਾਲ ਹੋਰ ਬੁਨਿਆਦੀ ਲੋੜਾਂ ਨੂੰ ਵੀ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ।
ਇਸ ਇਮਾਰਤ ‘ਤੇ ਹੁਣ ਤੱਕ 57 ਲੱਖ ਰੁਪਏ ਦੇ ਕਰੀਬ ਲਾਗਤ ਆ ਚੁੱਕੀ ਹੈ ਜਦਕਿ ਹਲੇ ਹੋਰ ਖਰਚਾ ਹੋਣ ਦੀ ਸੰਭਾਵਨਾ ਹੈ। ਇਸ ਇਮਾਰਤ ਦੇ ਬਣਨ ਨਾਲ ਸਕੂਲ ਵਿਚ ਪਿਛਲੇ ਸਾਲ ਦੇ 62 ਬੱਚਿਆਂ ਦੇ ਮੁਕਾਬਲੇ ਇਸ ਸਾਲ 120 ਤੋਂ ਵਧੇਰੇ ਬੱਚੇ ਦਾਖਲ ਹੋ ਚੁੱਕੇ ਹਨ। ਸ੍ਰ ਗੁਰਦੀਪ ਸਿੰਘ ਕੈਨੇਡਾ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦਾ ਸੁਪਨਾ ਸੀ ਕਿ ਜਿਸ ਧਰਤ ਉਤੇ ਉਹ ਜੰਮੇ ਅਤੇ ਵੱਡੇ ਹੋਏ ਹਨ ਉਸ ਲਈ ਕੁਝ ਕੀਤਾ ਜਾਵੇ। ਇਸੇ ਸੋਚ ਨਾਲ ਹੀ ਉਹਨਾਂ ਨੇ ਇਸ ਸਕੂਲ ਦੀ ਕਾਇਆ ਕਲਪ ਕਰਨ ਦਾ ਫੈਸਲਾ ਕੀਤਾ ਸੀ।
ਉਹਨਾਂ ਕਿਹਾ ਕਿ ਹੋਰ ਦਾਨੀ ਸੱਜਣਾਂ ਨੇ ਵੀ ਭਰਪੂਰ ਸਹਿਯੋਗ ਦਿੱਤਾ। ਉਹਨਾਂ ਕਿਹਾ ਕਿ ਪਿੰਡ ਦੇ ਵਿਕਾਸ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਹਰ ਸੰਭਵ ਯੋਗਦਾਨ ਪਾਇਆ ਜਾਂਦਾ ਰਹੇਗਾ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਲੁਧਿਆਣਾ ਸ੍ਰੀਮਤੀ ਜਸਵਿੰਦਰ ਕੌਰ, ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਸ੍ਰੀਮਤੀ ਰਾਜਿੰਦਰ ਕੌਰ, ਸ੍ਰ ਪਰਮਿੰਦਰ ਸਿੰਘ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਸਕੂਲ ਦੇ ਵਿਹੜੇ ਵਿੱਚ ਰੱਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ।
You may like
-
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸਕੂਲ ਬੱਦੋਵਾਲ ਦਾ ਕੀਤਾ ਦੌਰਾ
-
ਡਿਪਟੀ ਕਮਿਸ਼ਨਰ ਵੱਲੋਂ ਸਕੂਲ ਦੀ ਛੱਤ ਡਿੱਗਣ ਦੇ ਮੈਜਿਸਟ੍ਰੇਟ ਜਾਂਚ ਦੇ ਵੀ ਹੁਕਮ ਜਾਰੀ
-
ਪ੍ਰਸ਼ਾਸਨ ਵਲੋਂ ਲੋਕਾਂ ਨਾਲ ਸਿੱਧੇ ਤੌਰ ‘ਤੇ ਜੁੜਨ ਲਈ ਆਪਣਾ ਨਿਊਜ਼ਲੈਟਰ ਜਾਰੀ
-
ਡੀ.ਟੀ.ਐੱਫ਼. ਨੇ ਮੁੱਖ ਮੰਤਰੀ ਦੇ ਨਾਂ ਡੀਸੀ ਨੂੰ ਦਿੱਤਾ ਮੰਗ ਪੱਤਰ
-
ਸਿੱਖਿਆ ਦੇ ਖੇਤਰ ‘ਚ ਕ੍ਰਾਂਤੀ ਲਿਆਉਣ ਦਾ CM ਮਾਨ ਵੱਲੋਂ ਦਾਅਵਾ, ਕਿਹਾ-‘ਬਦਲਾਅ ਲਿਆਉਣਾ ਸਾਡੀ ਤਰਜੀਹ
-
ਆਮ ਲੋਕਾਂ ਵੱਲੋਂ ਦਾਇਰ ਦਰਖਾਸਤਾਂ ਦਾ ਜਲਦ ਕੀਤਾ ਜਾਵੇ ਨਿਪਟਾਰਾ -ਡਿਪਟੀ ਕਮਿਸ਼ਨਰ