ਪੰਜਾਬ ਨਿਊਜ਼
ਕੈਦੀਆਂ ਵੱਲੋਂ ਚਲਾਇਆ ਜਾਣ ਵਾਲਾ ਆਈ.ਓ.ਸੀ. ਪੈਟਰੋਲ ਪੰਪ ਕੀਤਾ ਸਮਰਪਿਤ
Published
2 years agoon
ਲੁਧਿਆਣਾ : ਜੇਲ੍ਹ ਵਿਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਦੀ ਮਾਨਸਿਕ-ਸਮਾਜਿਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਇਕ ਵੱਡੀ ਪੁਲਾਂਘ ਪੁੱਟਦਿਆਂ, ਪੰਜਾਬ ਦੇ ਜੇਲ੍ਹ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ‘ਗਲਵਾਕੜੀ’ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ ਜਿਸ ਵਿਚ ਉਹ ਸਾਲ ਦੀ ਤਿਮਾਹੀ ਦੌਰਾਨ, ਜੇਲ੍ਹ ਕੰਪਲੈਕਸ ਅੰਦਰ ਸਥਾਪਤ ਵਿਸ਼ੇਸ਼ ਕਮਰੇ ਵਿੱਚ ਆਪਣੇ ਪਰਿਵਾਰਕ ਜੀਆਂ ਨੂੰ ਇਕ ਘੰਟੇ ਲਈ ਵਿਅਕਤੀਗਤ ਤੌਰ ‘ਤੇ ਮਿਲ ਸਕਦੇ ਹਨ।
ਕੈਬਨਿਟ ਮੰਤਰੀ ਨੇ ਜੇਲ੍ਹ ਦੇ ਬਾਹਰ ਤਾਜਪੁਰ ਰੋਡ ‘ਤੇ ਇਕ ਇੰਡੀਅਨ ਆਇਲ ਕਾਰੋਪੋਰੇਸ਼ਨ (ਆਈ.ਓ.ਸੀ.) ਦਾ ਪੈਟਰੋਲ ਪੰਪ ਵੀ ਸਮਰਪਿਤ ਕੀਤਾ ਜਿਸ ਨੂੰ ਚੰਗੇ ਆਚਰਣ ਵਾਲੇ ਕੈਦੀਆਂ ਦੁਆਰਾ ਸੰਚਾਲਿਤ ਕੀਤਾ ਜਾਵੇਗਾ ਜਿਸ ਲਈ ਉਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਇਹ ਪੈਟਰੋਲ ਪੰਪ ਆਈ.ਓ.ਸੀ. ਦੁਆਰਾ ਖੋਲ੍ਹਿਆ ਗਿਆ ਹੈ ਅਤੇ ਇਸ ਪੰਪ ਨੂੰ ਪੰਜਾਬ ਜੇਲ੍ਹ ਵਿਕਾਸ ਬੋਰਡ ਦੁਆਰਾ ਚਲਾਇਆ ਜਾਵੇਗਾ।
ਇਸ ਸਹੂਲਤ ਦਾ ਲਾਭ ਸਿਰਫ਼ ਕੈਦੀ/ਰਿਮਾਂਡ ਕੈਂਦੀ (ਜਿਨ੍ਹਾਂ ਦਾ ਆਚਰਣ ਚੰਗਾ ਹੋਵੇ) ਅਤੇ ਜੇਲ੍ਹ ਪ੍ਰੋਟੋਕਾਲ ਦੀ ਸੁਚੱਜੀ ਪਾਲਣਾ ਕਰਨ ਵਾਲੇ ਹੀ ਲੈ ਸਕਦੇ ਹਨ। ਪਰਿਵਾਰ ਦੇ ਮੈਂਬਰ ਵੀ ਕੈਦੀਆਂ ਅਤੇ ਹਵਾਲਾਤੀਆਂ ਨਾਲ ਭੋਜਨ ਦਾ ਆਨੰਦ ਲੈ ਸਕਦੇ ਹਨ। ਗੈਂਗਸਟਰ ਅਤੇ ਹੋਰ ਗੰਭੀਰ ਅਪਰਾਧਾਂ ਸਮੇਤ ਉੱਚ ਜੋਖਮ ਸ਼੍ਰੇਣੀ ਵਿੱਚ ਸ਼ਾਮਲ ਕੈਦੀ ਅਤੇ ਹਵਾਲਾਤੀ ਇਸ ਸਹੂਲਤ ਦਾ ਲਾਭ ਨਹੀਂ ਲੈ ਸਕਣਗੇ।
ਸ. ਬੈਂਸ ਨੇ ਬਾਅਦ ਵਿੱਚ, ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜੇਲ੍ਹਾਂ ਨੂੰ ਅਸਲ ‘ਸੁਧਾਰ ਘਰ’ ਬਣਾ ਰਹੀ ਹੈ ਜਿੱਥੋਂ ਕੈਦੀਆਂ ਨੂੰ ਹਕੀਕੀ ਤੌਰ ‘ਤੇ ਸੁਧਾਰਿਆ ਜਾ ਸਕਦਾ ਹੈ ਅਤੇ ਉਹ ਜੇਲ੍ਹ ਤੋਂ ਰਿਹਾਅ ਹੋ ਕੇ ਆਮ ਜੀਵਨ ਬਤੀਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਪਰਿਵਾਰਕ ਮੁਲਾਕਾਤਾਂ ਸੂਬੇ ਦੀਆਂ 23 ਜੇਲ੍ਹਾਂ ਵਿੱਚ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਇਹ ਮੁਲਾਕਾਤਾਂ ਸਿਰਫ਼ ਉਨ੍ਹਾਂ ਕੈਦੀਆਂ ਅਤੇ ਹਵਾਲਾਤੀਆਂ ਨਾਲ ਹੋਣਗੀਆਂ, ਜਿਨ੍ਹਾਂ ਨੂੰ ਜੇਲ੍ਹਾਂ ਵਿੱਚ ਚੰਗੇ ਆਚਰਣ ਲਈ ਚੁਣਿਆ ਗਿਆ ਹੋਵੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਫਰਨੀਚਰ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਲੈਸ ਪਰਿਵਾਰਕ ਕਮਰੇ ਵਿੱਚ ਆਪਣੇ ਪੰਜ ਰਿਸ਼ਤੇਦਾਰਾਂ ਨਾਲ ਇੱਕ ਘੰਟਾ ਬਿਤਾਉਣ ਲਈ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਹੂਲਤ ਲਈ ਪਰਿਵਾਰ ਵੱਲੋਂ ਪੰਜਾਬ ਜੇਲ੍ਹ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਜਾਂ ਕੈਦੀ ਜੇਲ੍ਹ ਅਧਿਕਾਰੀਆਂ ਨਾਲ ਵੀ ਸੰਪਰਕ ਕਰ ਸਕਦੇ ਹਨ।
ਸ. ਬੈਂਸ ਨੇ ਆਸ ਪ੍ਰਗਟਾਈ ਕਿ ਇਹ ਪ੍ਰੋਗਰਾਮ ਜੇਲ੍ਹਾਂ ਦੇ ਮਾਹੌਲ ਵਿੱਚ ਸੁਧਾਰ ਤੋਂ ਇਲਾਵਾ ਕੈਦੀਆਂ ਦੇ ਵਿਵਹਾਰ ਵਿੱਚ ਵੱਡੀਆਂ ਸਕਾਰਾਤਮਕ ਤਬਦੀਲੀਆਂ ਲਿਆਏਗਾ, ਜਿਸ ਵਿੱਚ ਉਮੀਦ ਅਤੇ ਆਨੰਦ, ਜੀਵਨ ਪ੍ਰਤੀ ਸਕਾਰਾਤਮਕ ਨਜ਼ਰੀਆ, ਕੰਮ ਕਰਨ ਲਈ ਉਤਸ਼ਾਹ, ਰੁਟੀਨ ਦੇ ਕੰਮਾਂ ਵਿੱਚ ਰੁਚੀ, ਆਪਣੇ ਆਪ ਦੀ ਭਾਵਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਕੈਦੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਜੇਲ੍ਹ ਪ੍ਰਸ਼ਾਸਨ ਲਈ ਸ਼ਾਨਦਾਰ ਨਤੀਜੇ ਲਿਆਏਗਾ।
ਸ. ਬੈਂਸ ਨੇ ਕਿਹਾ ਕਿ ਪੈਟਰੋਲ ਪੰਪਾਂ ਤੋਂ ਹੋਣ ਵਾਲੀ ਆਮਦਨ ਕੈਦੀਆਂ ਦੀ ਭਲਾਈ ‘ਤੇ ਖਰਚ ਕੀਤੀ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਵਿੱਚ ਇ੍ਹਨ ਪੈਟਰੋਲ ਪੰਪਾਂ ਤੋਂ ਤੇਲ ਭਰਵਾਉਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜੇਲ੍ਹਾਂ ਵਿੱਚ ਬੰਦ ਕੈਦੀਆਂ ਵੱਲੋਂ ਤਿਆਰ ਕੀਤੇ ਜਾ ਰਹੇ ਉਤਪਾਦ ਜਿਵੇਂ ਕਿ ਬੇਕਰੀ ਆਈਟਮਾਂ, ਫਰਨੀਚਰ, ਖਾਦੀ ਆਦਿ ਵੀ ਬਾਜ਼ਾਰ ਵਿੱਚ ਵਿਕਣਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੜ੍ਹਾਈ ਅਤੇ ਹੋਰ ਖੇਡਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ।
ਕੈਬਨਿਟ ਮੰਤਰੀ ਨੇ ਕਿਹਾ ਕਿ ਕੈਦੀਆਂ ਅਤੇ ਹਵਾਲਾਤੀਆਂ ਵਿੱਚ ਨਸ਼ਿਆਂ ਦੇ ਆਦੀ ਹੋਣ ਬਾਰੇ, ਕਾਰਨਾਂ ਦਾ ਪਤਾ ਲਗਾਉਣ ਲਈ ਸੂਬੇ ਦੀਆਂ ਸਾਰੀਆਂ 23 ਜੇਲ੍ਹਾਂ ਵਿੱਚ ਸਰਵੇਖਣ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਆਈ.ਐਸ.ਬੀ. ਮੋਹਾਲੀ ਅਤੇ ਹੋਰ ਮਾਹਿਰਾਂ ਦੇ 300 ਵਿਦਿਆਰਥੀਆਂ ਨੇ ਉਨ੍ਹਾਂ ਕਾਰਨਾਂ ਦਾ ਪਤਾ ਲਗਾਇਆ ਜਿਨ੍ਹਾਂ ਨੇ ਉਨ੍ਹਾਂ ਨੂੰ ਨਸ਼ਾ ਕਰਨ ਲਈ ਮਜਬੂਰ ਕੀਤਾ। ਸਪੈਸ਼ਲ ਡੀ.ਜੀ.ਪੀ. ਜੇਲ੍ਹਾਂ ਸ. ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਾਰੀਆਂ ਮਹਿਲਾ ਕੈਦੀਆਂ ਅਤੇ ਹਵਾਲਾਤੀਆਂ ਨੂੰ ਹਰ ਮਹੀਨੇ ਪਰਿਵਾਰ ਨਾਲ ਮਿਲਣ ਦੀ ਸਹੂਲਤ ਦਿੱਤੀ ਜਾਵੇਗੀ।