ਲੁਧਿਆਣਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਮਦ ਦੀ ਯਾਦ ਨੂੰ ਸਮਰਪਿਤ ਕਰਵਾਏ ਜਾਂਦੇ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ, ਗੁਰਦੁਆਰਾ ਸਾਹਿਬ ਦੇ ਮੀਤ ਮੈਨੇਜਰ ਹਰਚੰਦ ਸਿੰਘ ਨੇ ਦੱਸਿਆ ਕਿ 28 ਦਸੰਬਰ ਤੋਂ 30 ਤਰੀਕ ਤੱਕ ਕਰਵਾਏ ਜਾਣ ਵਾਲੇ ਸਾਲਾਨਾ ਸਮਾਗਮ ਮੌਕੇ ਕੱਲ੍ਹ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਉਪਰੰਤ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਰਵਾਨਾ ਹੋਵੇਗਾ ਜੋ ਕਿ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਨੂੰ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗਾ।
ਜਥੇਦਾਰ ਆਲਮਗੀਰ ਨੇ ਦੱਸਿਆ ਕਿ ਇਸ ਮੌਕੇ ਐਸ. ਜੀ. ਪੀ. ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ। ਉਨ੍ਹਾਂ ਦੱਸਿਆ ਕਿ ਸਮਾਗਮ ਸਬੰਧੀ ਗੁਰੂ ਘਰ ਆਉਣ ਵਾਲੇ ਸਮੂਹ ਰਸਤਿਆਂ ਦੀ ਸਾਫ਼ ਸਫ਼ਾਈ ਅਤੇ ਸੁੰਦਰ ਸਜਾਵਟ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਦੇਸ਼, ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਪੁੱਜਣ ਵਾਲੀਆਂ ਸੰਗਤਾਂ ਲਈ ਰਿਹਾਇਸ਼, ਲੰਗਰ ਦਾ ਉਚਿਤ ਪ੍ਰਬੰਧ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾਵੇਗਾ।
ਮੀਤ ਮੈਨੇਜਰ ਹਰਚੰਦ ਸਿੰਘ, ਮੈਂਬਰ ਜਥੇਦਾਰ ਆਲਮਗੀਰ ਨੇ ਦੱਸਿਆ ਕਿ 28 ਦਸੰਬਰ ਦਿਨ ਮੰਗਲਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 30 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅੰਮਿ੍ਤ ਅਭਿਲਾਖੀਆਂ ਲਈ ਅੰਮਿ੍ਤ ਦਾ ਬਾਟਾ ਤਿਆਰ ਕੀਤਾ ਜਾਵੇਗਾ।