ਲੁਧਿਆਣਾ : ਲੁਧਿਆਣਾ ‘ਚ ਬਿਜਲੀ ਵਿਭਾਗ ਨੇ ਡਿਫਾਲਟਰਾਂ ‘ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਕੜੀ ‘ਚ ਪਾਵਰਕਾਮ ਨੇ ਲੁਧਿਆਣਾ ਵੂਮੈਨ ਸੈੱਲ, ਪੰਜਾਬ ਪੁਲਿਸ ਦਾ ਕੁਨੈਕਸ਼ਨ ਕੱਟ ਦਿੱਤਾ । ਲੁਧਿਆਣਾ ਸ਼ਹਿਰ ਦੇ ਕਈ ਥਾਣੇ ਅਜਿਹੇ ਹਨ, ਜਿਨ੍ਹਾਂ ਦਾ ਬਿਜਲੀ ਦਾ ਬਿੱਲ ਕਈ ਲੱਖ ਰੁਪਏ ਬਕਾਇਆ ਹੈ। ਹੁਣ ਪਾਵਰਕਾਮ ਨੇ ਪੈਂਡਿੰਗ ਬਿੱਲਾਂ ਨਾਲ ਥਾਣਿਆਂ ਦੇ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਐੱਸਡੀਓ ਹੈਬੋਵਾਲ ਯੂਨਿਟ-3 ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਲੁਧਿਆਣਾ ਵੂਮੈਨ ਸੈੱਲ ਦਾ ਪਿਛਲੇ ਇਕ ਸਾਲ ਦਾ ਕਰੀਬ 10 ਲੱਖ ਰੁਪਏ ਦਾ ਬਿਜਲੀ ਦਾ ਬਿੱਲ ਬਕਾਇਆ ਹੈ।
ਕਈ ਵਾਰ ਕਮਰਸ਼ੀਅਲ ਨੋਟਿਸ ਭੇਜਣ ਦੇ ਬਾਵਜੂਦ ਬਿੱਲ ਦਾ ਭੁਗਤਾਨ ਨਹੀਂ ਹੋ ਰਿਹਾ ਸੀ। ਇਸ ਕਾਰਨ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਥਾਣੇ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ। ਸ਼ਨਿਚਰਵਾਰ ਨੂੰ ਬਿਜਲੀ ਕੁਨੈਕਸ਼ਨ ਕੱਟੇ ਜਾਣ ਕਾਰਨ ਪੁਲਿਸ ਮੁਲਾਜ਼ਮਾਂ ਨੇ ਜਨਰੇਟਰ ਚਲਾ ਕੇ ਕੰਮ ਕੀਤਾ। 22 ਅਪ੍ਰੈਲ ਨੂੰ ਸਵੇਰੇ ਪਾਵਰਕਾਮ ਦੇ ਮੁਲਾਜ਼ਮਾਂ ਨੇ ਥਾਣੇ ਦਾ ਕੁਨੈਕਸ਼ਨ ਕੱਟ ਦਿੱਤਾ ਸੀ। ਉਸ ਦੇ ਜਾਣ ਤੋਂ ਕੁਝ ਦੇਰ ਬਾਅਦ ਹੀ ਵੂਮੈਨ ਸੈੱਲ ਥਾਣੇ ਦੇ ਕੁਝ ਲੋਕਾਂ ਨੇ ਤਾਰਾਂ ਨੂੰ ਦੁਬਾਰਾ ਜੋੜ ਦਿੱਤਾ।
ਜਿਵੇਂ ਹੀ ਕਿਚਲੂ ਨਗਰ ਬਿਜਲੀ ਘਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਸ਼ਾਮ 530 ਵਜੇ ਫਿਰ ਥਾਣੇ ਦਾ ਕੁਨੈਕਸ਼ਨ ਕੱਟ ਦਿੱਤਾ। ਥਾਣੇ ਵਿਚ ਤਾਇਨਾਤ ਅਧਿਕਾਰੀ ਅਤੇ ਕਰਮਚਾਰੀ ਇਸ ਬਾਰੇ ਜਾਣਕਾਰੀ ਦੇਣ ਤੋਂ ਬਚਦੇ ਰਹੇ ਕਿ ਥਾਣੇ ਦਾ ਬਿੱਲ ਕਿੰਨਾ ਬਕਾਇਆ ਹੈ ਅਤੇ ਥਾਣੇ ਦਾ ਕੁਨੈਕਸ਼ਨ ਕਦੋਂ ਕੱਟਿਆ ਗਿਆ। ਥਾਣੇ ਦੇ ਰੀਡਰ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਜਦੋਂ ਕੁਨੈਕਸ਼ਨ ਕੱਟਿਆ ਗਿਆ ਸੀ ਤਾਂ ਉਸ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਸੀ। ਫਿਲਹਾਲ ਵੂਮੈਨ ਸੈੱਲ ਪੁਲਸ ਸਟੇਸ਼ਨ ਦੇ ਅਧਿਕਾਰੀਆਂ ਨੇ ਮੌਕਾ ਸੰਭਾਲਦੇ ਹੋਏ ਤੁਰੰਤ ਜਨਰੇਟਰ ਦਾ ਪ੍ਰਬੰਧ ਕਰ ਕੇ ਥਾਣੇ ਦੀ ਬਿਜਲੀ ਬਹਾਲ ਕਰ ਦਿੱਤੀ।