ਲੁਧਿਆਣਾ : ਲੁਧਿਆਣਾ ਦੀ ਕੇਂਦਰੀ ਜੇਲ੍ਹ ’ਚ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੰਜ ਦਿਨ ਪਹਿਲਾਂ ਜੇਲ੍ਹ ’ਚੋਂ 21 ਮੋਬਾਈਲ ਫੋਨ ਬਰਾਮਦ ਹੋਣ ਤੋਂ ਬਾਅਦ ਉਸ ਮਾਮਲੇ ਦੀ ਜਾਂਚ ਅਜੇ ਸ਼ੁਰੂ ਵੀ ਨਹੀਂ ਹੋਈ ਸੀ ਕਿ ਫਿਰ ਤੋਂ 8 ਫੋਨ ਬਰਾਮਦ ਹੋਏ ਹਨ।
ਥਾਣਾ ਡਵੀਜ਼ਨ ਨੰਬਰ 7 ਦੀ ਤਾਜਪੁਰ ਚੌਕੀ ਦੀ ਪੁਲਿਸ ਨੇ ਇਸ ਮਾਮਲੇ ’ਚ 4 ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੌਲਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਪਰੋਕਤ ਮੁਲਜ਼ਮਾਂ ਦੀ ਪਛਾਣ ਸਾਗਰ, ਕਮਲਜੀਤ, ਜਤਿਨ ਹੰਸ ਅਤੇ ਸੂਰਜ ਵਜੋਂ ਹੋਈ ਹੈ। ਪੁਲਿਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਸੂਰਜ ਮੱਲ ਦੀ ਸ਼ਿਕਾਇਤ ’ਤੇ ਉਨ੍ਹਾਂ ਖ਼ਿਲਾਫ ਕੇਸ ਦਰਜ ਕਰ ਲਿਆ ਹੈ।
ਉਨ੍ਹਾਂ ਆਪਣੇ ਬਿਆਨ ’ਚ ਦੱਸਿਆ ਕਿ ਪੁਲਸ ਅਤੇ ਸੀਆਰਪੀਐੱਫ ਦੀ ਟੀਮ ਨੇ ਮਿਲ ਕੇ ਜੇਲ੍ਹ ’ਚ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ ਉਕਤ ਮੁਲਜ਼ਮਾਂ ਦੇ ਕਬਜ਼ੇ ’ਚੋਂ ਦੋ ਮੋਬਾਈਲ ਬਰਾਮਦ ਕੀਤੇ ਗਏ, ਜਦੋਂਕਿ 6 ਮੋਬਾਈਲ ਫੋਨ ਲਾਵਾਰਿਸ ਹਾਲਤ ਵਿਚ ਪਏ ਮਿਲੇ। ਮੁਲਜ਼ਮਾਂ ਨੇ ਫੋਨ ਰੱਖ ਕੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ ਹੈ।