ਲੁਧਿਆਣਾ : ਖੰਨਾ ਨਗਰ ਕੌਂਸਲ ਦਫ਼ਤਰ ਦੀ ਚਾਰਦੀਵਾਰੀ ਵਿੱਚ ਐਤਵਾਰ ਨੂੰ ਛੁੱਟੀ ਵਾਲੇ ਦਿਨ ਜੂਆ ਖੇਡਿਆ ਜਾ ਰਿਹਾ ਸੀ। ਇਸ ਦੀ ਸੂਚਨਾ ਮਿਲਦਿਆਂ ਹੀ ਭਾਰੀ ਪੁਲਿਸ ਫੋਰਸ ਨੇ ਛਾਪੇਮਾਰੀ ਕੀਤੀ। ਮੌਕੇ ਤੋਂ 9 ਵਿਅਕਤੀਆਂ ਨੂੰ ਜੂਆ ਖੇਡਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਨ੍ਹਾਂ ਕੋਲੋਂ ਡੇਢ ਲੱਖ ਤੋਂ ਵੱਧ ਦੀ ਨਕਦੀ ਵੀ ਬਰਾਮਦ ਹੋਈ ਹੈ। ਭਾਵੇਂ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੱਟੂ ਮੌਕੇ ’ਤੇ ਮੌਜੂਦ ਨਹੀਂ ਸਨ ਪਰ ਫਿਰ ਵੀ ਪੁਲਿਸ ਨੇ ਗੱਟੂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਹੈ। ਗੱਟੂ ‘ਤੇ ਜੂਆ ਖੇਡਣ ਲਈ ਜਗ੍ਹਾ ਦੇਣ ਦਾ ਦੋਸ਼ ਹੈ।
ਗੱਟੂ ਨੂੰ ਅਜੇ ਤਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਪੁਲਿਸ ਨੂੰ ਕਾਫੀ ਸਮੇਂ ਤੋਂ ਅਹਾਤੇ ‘ਚ ਜੂਆ ਹੋਣ ਦੀ ਸੂਚਨਾ ਸੀ। ਐਤਵਾਰ ਦੇਰ ਸ਼ਾਮ ਸੀ.ਆਈ.ਏ ਸਟਾਫ ਨੂੰ ਪਤਾ ਲੱਗਾ ਕਿ ਇਸ ਜਗ੍ਹਾ ‘ਤੇ ਕਈ ਲੋਕ ਜੂਆ ਖੇਡ ਰਹੇ ਹਨ। ਸੀਆਈਏ ਇੰਚਾਰਜ ਵਿਨੋਦ ਕੁਮਾਰ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਨਾਲ ਛਾਪੇਮਾਰੀ ਕੀਤੀ ਗਈ। ਮੌਕੇ ਤੋਂ 9 ਵਿਅਕਤੀਆਂ ਨੂੰ 1 ਲੱਖ 53 ਹਜ਼ਾਰ 570 ਰੁਪਏ ਸਮੇਤ ਕਾਬੂ ਕੀਤਾ ਗਿਆ।
ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੱਟੂ ਤੋਂ ਇਲਾਵਾ ਇਸ ਮਾਮਲੇ ‘ਚ ਸ਼ਾਮਲ ਦੋਸ਼ੀਆਂ ‘ਚ ਜਸਪਾਲ ਸਿੰਘ ਅਮਲੋਹ, ਜਗਜੀਤ ਸਿੰਘ ਬਹਾਦਰਗੜ੍ਹ ਜ਼ਿਲਾ ਪਟਿਆਲਾ, ਅਨਿਲ ਗੁਪਤਾ ਵਾਸੀ ਖੰਨਾ, ਪ੍ਰੇਮ ਕੁਮਾਰ ਵਾਸੀ ਖੰਨਾ, ਤਰਸੇਮ ਕੁਮਾਰ ਪਟਿਆਲਾ, ਪਵਨ ਕੁਮਾਰ ਵਾਸੀ ਨਾਭਾ, ਸਰਨਵੀਰ ਸ਼ਰਮਾ ਵਾਸੀ ਪਿੰਡ ਭੁੱਟੋ ਥਾਣਾ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਦੀਪਇੰਦਰ ਸਿੰਘ ਅਮਲੋਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਸ਼ਾਮਲ ਹਨ।