ਲੁਧਿਆਣਾ : ਬਹੁ ਵਿਧਾਈ ਲੇਖਕ ਇੰਜਃ ਡੀ ਐੱਮ ਸਿੰਘ ਦਾ ਨਾਵਲ ਲਿਫ਼ਾਫ਼ਾ 2 ਸਤੰਬਰ ਸਵੇਰੇ ਦਸ ਵਜੇ ਪੰਜਾਬੀ ਭਵਨ ਵਿੱਚ ਲੋਕ ਅਰਪਨ ਕੀਤਾ ਜਾਵੇਗਾ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਆਯੋਜਿਤ ਇਸ ਮੀਟਿੰਗ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਜਨ ਸਕੱਤਰ ਡਾਃ ਗੁਰਇਕਬਾਲ ਸਿੰਘ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਕਹਾਣੀਕਾਰ ਸੁਖਜੀਤ ਤੇ ਪ੍ਰੋਃ.ਗੁਰਭਜਨ ਸਿੰਘ ਗਿੱਲ ਇਸ ਨਾਵਲ ਨੂੰ ਪਾਠਕਾਂ ਸਨਮੁਖ ਪੇਸ਼ ਕਰਨਗੇ।
ਇੰਜਃ ਡੀ ਐੱਮ ਸਿੰਘ ਨੇ ਦੱਸਿਆ ਕਿ 256 ਸਫ਼ਿਆਂ ਦੇ ਇਸ ਨਾਵਲ ਵਿੱਚ ਕਾਰਪੋਰੇਟ ਘਰਾਣਿਆਂ ਵੱਲੋਂ ਚਲਾਏ ਜਾ ਰਹੇ ਕਮਿਸ਼ਨਬਾਜ਼ੀ ਦੇ ਲੁੱਟ ਤੰਤਰ ਨੂੰ ਬੇਪਰਦ ਕੀਤਾ ਗਿਆ ਹੈ। ਇਸ ਨਾਲ ਜੁੜੇ ਡਰੱਗ ਮਾਫ਼ੀਆ ਤੇ ਭ੍ਰਿਸ਼ਟ ਪੁਲੀਸ ਨਿਜ਼ਾਮ ਨੂੰ ਵੀ ਕੇਂਦਰ ਵਿੱਚ ਰੱਖਿਆ ਗਿਆ ਹੈ। ਨਾਵਲ ਇਸ ਗੱਲ ਤੇ ਪੱਕੀ ਮੋਹਰ ਲਾਉਂਦਾ ਹੈ ਕਿ ਸਭ ਕੁਝ ਵਪਾਰਕ ਬਿਰਤੀ ਅਧੀਨ ਗੁਆਚਣ ਦੇ ਬਾਵਜੂਦ ਦੋਸਤੀ ਹੀ ਅਜ਼ੀਮ ਰਿਸ਼ਤਾ ਬਚਦਾ ਹੈ ਜੋ ਸੰਗੀਨ ਹਾਲਾਤ ਵਿੱਚ ਵੀ ਵੱਡਾ ਸਹਾਰਾ ਬਣਦੀ ਹੈ।