ਲੁਧਿਆਣਾ : ਨਗਰ ਨਿਗਮ ਵਾਰਡ 47 ਅਧੀਨ ਪੈਂਦੇ ਮਨਜੀਤ ਨਗਰ ‘ਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਸੀਵਰੇਜ਼ ਜਾਮ ਦੀ ਸਮੱਸਿਆ ਦਾ ਹੱਲ ਨਾ ਹੋਣ ਤੋਂ ਰੋਹ ‘ਚ ਆਏ ਇਲਾਕਾ ਨਿਵਾਸੀਆਂ ਦਾ ਮੰਗਲਵਾਰ ਨੂੰ ਗੁੱਸਾ ਸਤਵੇਂ ਅਸਮਾਨ ‘ਤੇ ਚੱੜ ਗਿਆ, ਜਿਨ੍ਹਾਂ ਨੇ ਬਾਲਟੀਆਂ ‘ਚ ਭਰਕੇ ਲਿਆਂਦਾ ਸੀਵਰੇਜ਼ ਦਾ ਗੰਦਾ ਪਾਣੀ ਕੌਂਸਲਰ ਪਿ੍ਆ ਕੈੜਾ ਦੇ ਦਫ਼ਤਰ ਅੰਦਰ ਸੁੱਟ ਦਿੱਤਾ।
ਕੌਂਸਲਰ ਪਿ੍ਆ ਕੈਡਾ ਦੇ ਸਮਰਥਕਾਂ ਨੇ ਦੱਸਿਆ ਕਿ ਸਵੇਰੇ ਜਦ ਦਫ਼ਤਰ ਵਿਚ ਬੈਠੇ ਸਨ ਤਾਂ ਮਨਜੀਤ ਨਗਰ ਨਿਵਾਸੀਆਂ ਨੇ ਕਰੀਬ ਅੱਧੀ ਦਰਜਨ ਬਾਲਟੀਆਂ ‘ਚ ਸੀਵਰੇਜ਼ ਦਾ ਭਰਿਆ ਪਾਣੀ ਦਫ਼ਤਰ ਅੰਦਰ ਸੁੱਟ ਦਿੱਤਾ। ਕੌਂਸਲਰ ਨੇ ਦੱਸਿਆ ਕਿ ਸਾਰੀ ਘਟਨਾ ਸੀ.ਸੀ. ਟੀਵੀ ਕੈਮਰੇ ‘ਚ ਕੈਦ ਹੋ ਗਈ ਹੈ ਅਤੇ ਮਾਮਲਾ ਪੁਲਿਸ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਦੂਸਰੇ ਪਾਸੇ ਮਨਜੀਤ ਨਗਰ ਨਿਵਾਸੀ ਗੁਰਦੀਪ ਸਿੰਘ, ਧਰਮਿੰਦਰ ਸਿੰਘ ਨੇ ਦੱਸਿਆ ਕਿ ਮੁਹੱਲੇ ਦੀਆਂ ਇਕ ਦਰਜਨ ਤੋਂ ਵੱਧ ਗਲੀਆਂ ਹਨ, ਜਿਥੇ ਸੀਵਰੇਜ਼ ਜਾਮ ਦੀ ਸਮੱਸਿਆ ਰਹਿੰਦੀ ਹੈ, ਪਰ 4-5 ਗੱਲੀਆਂ ਵਿੱਚ ਪਿਛਲੇ ਕਈ ਸਾਲ ਤੋਂ ਪੱਕੇ ਤੌਰ ‘ਤੇ ਸੀਵਰੇਜ਼ ਜਾਮ ਹੈ, ਜਿਸਦੀ ਸ਼ਿਕਾਇਤ ਕੌਂਸਲਰ ਨੂੰ ਕੀਤੇ ਜਾਣ ਦੇ ਬਾਵਜੂਦ ਸਮੱਸਿਆ ਹੱਲ ਨਹੀਂ ਕੀਤੀ ਜਾ ਰਹੀ। ਸਵੇਰੇ ਜਦ ਕੰਮ ਲਈ ਨਿਕਲਦੇ ਹਾਂ ਤਾਂ ਸੀਵਰੇਜ਼ ਗੰਦਗੀ ਨਾਲ ਸਵਾਗਤ ਕਰਦੀ ਹੈ, ਜਿਸ ਕਾਰਨ ਬਿਮਾਰੀ ਫੈਲਣ ਦਾ ਖਤਰਾ ਹੈ।
ਉਨ੍ਹਾਂ ਦੱਸਿਆ ਕਿ ਦੁਖੀ ਹੋਏ ਲੋਕਾਂ ਨੇ ਮੰਗਲਵਾਰ ਨੂੰ ਕੌਂਸਲਰ ਦਫ਼ਤਰ ਜਾਕੇ ਪ੍ਰਦਰਸ਼ਨ ਸ਼ੁਰੂ ਕੀਤਾ। ਕੌਂਸਲਰ ਪਿ੍ਆ ਕੈੜਾ ਨੇ ਦੱਸਿਆ ਕਿ ਮਨਜੀਤ ਨਗਰ ਵਿਚ ਗਲੀਆਂ ਛੋਟੀਆ ਹੋਣ ਕਾਰਨ ਪਿਛਲੇ 10-12 ਸਾਲ ਤੋਂ ਸੀਵਰੇਜ਼ ਜਾਮ ਦੀ ਸਮੱਸਿਆ ਹੈ, ਜਿਸ ਦੀ ਸ਼ਿਕਾਇਤ ਮਿਲਣ ‘ਤੇ ਮੁਲਾਜ਼ਮ ਜਾਕੇ ਸੀਵਰੇਜ਼ ਖੋਲ ਦਿੰਦੇ ਸਨ ਅਤੇ ਹੁਣ ਮਸ਼ੀਨਾਂ ਰਾਹੀਂ ਸੀਵਰੇਜ਼ ਦੀ ਸਫ਼ਾਈ ਕਰਾਈ ਜਾ ਰਹੀ ਹੈ।