ਲੁਧਿਆਣਾ : ਸਥਾਨਕ ਦਾਣਾ ਮੰਡੀ ਸਥਿੱਤ ਲਗਾਈ ਗਈ ਗਮਸਾ ਐਕਸਪੋ ਇੰਡੀਆ ਪ੍ਰਦਰਸ਼ਨੀ ਦੇ ਦੂਜੇ ਦਿਨ ਅੱਜ ਲੋਕਾਂ ਵਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ। ਜਾਣਕਾਰੀ ਅਨੁਸਾਰ ਦੂਜੇ ਦਿਨ ਸ਼ਨੀਵਾਰ ਨੂੰ ਗਾਰਮੈਂਟਸ ਮਸ਼ੀਨਰੀ ਮੈਨੂਫੈਕਚਰਰਜ਼ ਐਂਡ ਸਪਲਾਇਰਜ਼ ਐਸੋਸੀਏਸ਼ਨ ਨੇ ਇਸ ਐਕਸਪੋ ਰਾਹੀਂ ਅਤਿ-ਆਧੁਨਿਕ ਮਸ਼ੀਨਾਂ ਪ੍ਰਦਰਸ਼ਿਤ ਕੀਤੀਆਂ।
ਇਹ ਪ੍ਰਦਰਸ਼ਨੀ 28 ਮਾਰਚ ਤੱਕ ਸ਼ਹਿਰ ਦੇ ਬਹਾਦੁਰਕੇ ਰੋਡ ‘ਤੇ ਵਿਖੇ ਜਾਰੀ ਰਹੇਗੀ। ਐਕਸਪੋ ਦਾ ਉਦਘਾਟਨ ਡਵੀਜ਼ਨਲ ਕਮਿਸ਼ਨਰ ਪਟਿਆਲਾ ਚੰਦਰ ਗੈਂਦ ਨੇ ਕੀਤਾ ਸੀ। ਭਾਰਤ ਅਤੇ 20 ਤੋਂ ਵੱਧ ਦੇਸ਼ਾਂ ਦੇ ਭਾਗੀਦਾਰਾਂ ਵਾਲੇ ਪ੍ਰਮੁੱਖ ਬ੍ਰਾਂਡ ਬੁਣਾਈ, ਰੰਗਾਈ, ਫਿਨਿਸ਼ਿੰਗ, ਕਢਾਈ, ਪਿ੍ੰਟਿੰਗ, ਸਿਲਾਈ ਮਸ਼ੀਨਾਂ, ਸੰਬੰਧਿਤ ਮਸ਼ੀਨਾਂ ਅਤੇ ਸਹਾਇਕ ਉਪਕਰਣਾਂ ‘ਤੇ ਅਧਾਰਤ 2000 ਉਤਪਾਦਾਂ ਦਾ ਪ੍ਰਦਰਸ਼ਨ ਕਰ ਰਹੇ ਹਨ।
ਲਗਭਗ 250 ਬ੍ਰਾਂਡਾਂ ਦੇ ਸਟਾਲਾਂ ‘ਤੇ ਲੋਕਾਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ। ਹੌਜ਼ਰੀ ਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ ਦੀ ਇਹ ਪ੍ਰਦਰਸ਼ਨੀ ਕਾਫੀ ਲਾਹੇਵੰਦ ਸਾਬਤ ਹੋ ਰਹੀ ਹੈ। ਇਸ ਦੌਰਾਨ ਸਨਅਤਕਾਰਾਂ ਗੁਰਪ੍ਰੀਤ ਸਿੰਘ, ਅਮਿਤ ਜੈਨ, ਗੁਰਦੇਵ ਸਿੰਘ, ਪਰਮੀਸ਼ ਵਸਿਸਟ, ਤੇਜਾ ਸਿੰਘ, ਜਤਿੰਦਰ ਸੁਧੇਰਾ, ਸੁਖਵਿੰਦਰ ਸਿੰਘ, ਰਾਜੇਸ਼ ਸ਼ਰਮਾ, ਮੋਹਨ ਚਾਵਲਾ, ਦਵਿੰਦਰ ਪਾਲ ਅਤੇ ਰਜਿੰਦਰ ਭਾਂਬਰਾ ਨੇ ਐਕਸਪੋ ਦਾ ਦੌਰਾ ਕੀਤਾ।