ਲੁਧਿਆਣਾ : ਅੱਤ ਦੀ ਗਰਮੀ ਦਰਮਿਆਨ ਸ਼ਹਿਰ ਦੀ ਈ ਡਬਲਯੂ ਐੱਸ ਕਾਲੋਨੀ ਦੇ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਕਾਲੋਨੀ ਵਾਸੀਆਂ ਨੇ ਤਾਜਪੁਰ ਰੋਡ ‘ਤੇ ਮੁੱਖ ਮਾਰਗ ਜਾਮ ਕਰ ਦਿੱਤਾ ਅਤੇ ਆਪ ਵਿਧਾਇਕ ਖਿਲਾਫ ਨਾਅਰੇਬਾਜ਼ੀ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੀਣ ਵਾਲੇ ਪਾਣੀ ਲਈ ਇਕ ਮਹੀਨੇ ਵਿਚ ਤੀਜੀ ਵਾਰ ਇਹ ਧਰਨਾ ਲਗਾਉਣਾ ਪਿਆ ਹੈ।
ਈ ਡਬਲਯੂ ਐੱਸ ਕਾਲੋਨੀ ਵਾਸੀ ਜੋਤੀ, ਦੀਪਕ ਤੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਰਾਤ ਸਮੇਂ ਬਿਜਲੀ ਨਹੀਂ ਆਉਂਦੀ ਤੇ ਸਵੇਰੇ ਪਾਣੀ ਨਹੀਂ ਆਉਂਦਾ। ਇਸ ਲਈ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹੈ, ਕੰਮ ‘ਤੇ ਜਾਣਾ ਮੁਸ਼ਕਲ ਹੋ ਗਿਆ ਹੈ। ਛੋਟੇ ਬੱਚੇ ਸਾਰਾ ਦਿਨ ਪਾਣੀ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਇਸ ਸਬੰਧੀ ਉਹ ਇਲਾਕਾ ਵਿਧਾਇਕ ਦਲਜੀਤ ਸਿੰਘ ਭੋਲਾ ਅਤੇ ਅਧਿਕਾਰੀਆਂ ਨਾਲ ਕਈ ਵਾਰ ਗੱਲ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ।
ਇਸ ਕਾਰਨ ਸਵੇਰੇ ਕੰਮ ‘ਤੇ ਜਾਣ ਵਾਲੀਆਂ ਫੈਕਟਰੀਆਂ ਦੇ ਮਾਲਕਾਂ, ਲੇਬਰ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਰਨੇ ‘ਚ ਮੌਕੇ ‘ਤੇ ਪਹੁੰਚੇ ਐੱਸ ਡੀ ਓ ਅੰਮ੍ਰਿਤਪਾਲ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਦਾ ਕੋਈ ਹੱਲ ਕੱਢ ਲੈਣਗੇ, ਜਿਸ ਤੋਂ ਬਾਅਦ ਲੋਕਾਂ ਨੇ ਦੁਬਾਰਾ ਧਰਨਾ ਲਾਉਣ ਦੀ ਚਿਤਾਵਨੀ ਦੇ ਕੇ ਜਾਮ ਖੋਲ੍ਹ ਦਿੱਤਾ ਹੈ।
ਐੱਸ ਡੀ ਓ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਟਿਊਬਵੈੱਲ ਠੀਕ ਚੱਲਦੇ ਹਨ ਪਰ ਪਤਾ ਨਹੀਂ ਕਿਉਂ ਪਾਣੀ ਉਨ੍ਹਾਂ ਤੱਕ ਨਹੀਂ ਪਹੁੰਚਦਾ। ਹੋ ਸਕਦਾ ਹੈ ਕਿ ਇਸ ਵਿਚ ਕੋਈ ਸ਼ਰਾਰਤ ਕਰ ਰਿਹਾ ਹੋਵੇ, ਇਸ ਦੀ ਜਾਂਚ ਵੀ ਕੀਤੀ ਜਾਵੇਗੀ। ਇੱਥੇ ਇਹ ਵਰਨਣਯੋਗ ਹੈ ਕਿ ਸ਼ਹਿਰ ਦੇ ਕਈ ਇਲਾਕਿਆਂ ਨੂੰ ਹਰ ਸਾਲ ਭਿਆਨਕ ਗਰਮੀ ਵਿੱਚ ਪੀਣ ਵਾਲੇ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ।