ਲੁਧਿਆਣਾ : ਕਿਸਾਨਾਂ ਦੇ ਭਾਰੀ ਇਕੱਠ ਨਾਲ ਅੱਜ ਪੀ.ਏ.ਯੂ. ਦਾ ਦੋ ਰੋਜ਼ਾ ਕਿਸਾਨ ਮੇਲਾ ਅਰੰਭ ਹੋ ਗਿਆ । ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਸ਼ਾਮਿਲ ਹੋਏ । ਉਹਨਾਂ ਨੇ ਆਪਣੇ ਕਰ-ਕਮਲਾਂ ਨਾਲ ਮੇਲੇ ਦਾ ਉਦਘਾਟਨ ਕਰਨ ਦੇ ਨਾਲ-ਨਾਲ ਅਗਾਂਹਵਧੂ ਕਿਸਾਨਾਂ ਅਤੇ ਖੇਤੀ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਮਾਹਿਰਾਂ ਨੂੰ ਸਨਮਾਨਿਤ ਵੀ ਕੀਤਾ ।
ਮੁੱਖ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਹ ਗੁਮਨਾਮੀ ਦੇ ਦੌਰ ਵਿੱਚ ਪਹਿਲਾਂ ਵੀ ਇਸ ਮੇਲੇ ਵਿੱਚ ਆਉਂਦੇ ਰਹੇ ਹਨ ਅਤੇ ਕਲਾਕਾਰ ਦੇ ਤੌਰ ਤੇ ਵੀ ਇਸ ਮੇਲੇ ਵਿੱਚ ਸ਼ਿਰਕਤ ਕਰਦੇ ਰਹੇ ਹਨ । ਉਹਨਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਮਾਹਿਰਾਂ ਨੂੰ ਸਮੱਸਿਆਵਾਂ ਦੇ ਹੱਲ ਲਈ ਕਿਸਾਨ ਦੇ ਖੇਤਾਂ ਤੱਕ ਜਾਣਾ ਪਵੇਗਾ । ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਦੁਨੀਆਂ ਵਿੱਚ ਸਭ ਤੋਂ ਉਪਜਾਊ ਭੂਮੀ ਹੈ ਅਤੇ ਪੰਜਾਬੀ ਲੋਕ ਦੁਨੀਆਂ ਦੇ ਸਭ ਤੋਂ ਮਿਹਨਤੀ ਲੋਕ ਹਨ ।
ਮੇਲੇ ਦੀ ਪ੍ਰਧਾਨਗੀ ਕਰ ਰਹੇ ਮੇਲੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ । ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਕਿਸਾਨ ਮੇਲਿਆਂ ਦਾ ਇਤਿਹਾਸ ਪੰਜਾਬ ਦੀ ਖੇਤੀ ਦੇ ਵਿਕਾਸ ਦੀ ਕਹਾਣੀ ਹੈ । ਸ. ਧਾਲੀਵਾਲ ਨੇ ਕਿਹਾ ਕਿ ਯੂਨੀਵਰਸਿਟੀ ਮਾਹਿਰਾਂ ਦੇ ਯੋਗਦਾਨ ਅੱਗੇ ਉਹਨਾਂ ਦਾ ਸਿਰ ਝੁਕਦਾ ਹੈ। ਉਹਨਾਂ ਕਿਹਾ ਕਿ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਦੇ ਸਹਿਯੋਗ ਦੀ ਸਖਤ ਲੋੜ ਹੈ । ਕਿਸਾਨਾਂ ਨੂੰ ਪੀ.ਏ.ਯੂ. ਦੇ ਬੀਜ ਅਤੇ ਸਾਹਿਤ ਖ੍ਰੀਦਣ ਲਈ ਵੀ ਖੇਤੀਬਾੜੀ ਮੰਤਰੀ ਨੇ ਪ੍ਰੇਰਿਤ ਕੀਤਾ ।
ਇਸ ਮੌਕੇ ਆਪਣੇ ਭਾਸ਼ਣ ਵਿਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕੋਰੋਨਾ ਤੋਂ ਬਾਅਦ ਮੇਲਾ ਲੱਗਣਾ ਬਹੁਤ ਸੁੱਭ ਸਗਨ ਹੈ। ਉਨਾਂ ਕਿਸਾਨਾਂ ਨੂੰ ਕਿਹਾ ਕਿ ਇਸ ਮੇਲੇ ਵਿੱਚੋਂ ਸੁਧਰੇ ਬੀਜ, ਖੇਤੀ ਸਾਹਿਤ, ਫਲਾਂ ਤੇ ਸਬਜੀਆਂ ਦੀ ਪਨੀਰੀ ਆਦਿ ਖਰੀਦ ਕੇ ਲਿਜਾਣ। ਨਾਲ ਹੀ ਇਨਾਂ ਮੇਲਿਆਂ ਦਾ ਦੂਹਰਾ ਮੰਤਵ ਖੇਤੀ ਖੋਜਾਂ ਨੂੰ ਕਿਸਾਨਾਂ ਤਕ ਪਹੁੰਚਾਉਣ ਅਤੇ ਕਿਸਾਨਾਂ ਕੋਲੋਂ ਸਿੱਖਣ ਦਾ ਵੀ ਹੁੰਦਾ ਹੈ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਖੇਤੀ ਖੋਜਾਂ ਬਾਰੇ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ। ਉਨਾਂ ਦੱਸਿਆ ਕਣਕ ਦੀ ਨਵੀਂ ਪੀ ਬੀ ਡਬਲਯੂ 826 ਅਤੇ ਪੀ ਬੀ ਡਬਲਯੂ ਚਪਾਤੀ ਕਾਸ਼ਤ ਲਈ ਜਾਰੀ ਕੀਤੀ ਗਈ ਹੈ ਜੋ ਪਿਛਲੇ ਦਿਨੀਂ ਰਾਸਟਰੀ ਪੱਧਰ ਤੇ ਪਛਾਣੀ ਗਈ ਹੈ। ਉਨਾਂ ਜਵੀ ਦੀ ਨਵੀਂ ਕਿਸਮ ਅਤੇ ਹੋਰ ਫਸਲਾਂ ਦੀਆਂ ਸਿਫਾਰਸ਼ ਕਿਸਮਾਂ ਬਾਰੇ ਵੀ ਦੱਸਿਆ। ਨਾਲ ਹੀ ਡਾ ਢੱਟ ਨੇ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਵੀ ਸਾਂਝੀਆਂ ਕੀਤੀਆਂ।
ਇਸ ਮੌਕੇ ਪਸ਼ੂ ਪਾਲਣ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਲੁਧਿਆਣਾ ਪੱਛਮੀ ਤੋਂ ਐੱਮ ਐੱਲ ਏ. ਸ਼੍ਰੀ ਗੁਰਪ੍ਰੀਤ ਗੋਗੀ, ਜਗਰਾਓ ਦੇ ਐੱਮ ਐੱਲ ਏ ਬੀਬੀ ਸਰਬਜੀਤ ਕੌਰ ਮਾਣੂੰਕੇ, ਐੱਮ ਐੱਲ ਏ. ਸਾਹਨੇਵਾਲ ਹਰਦੀਪ ਸਿੰਘ ਮੁੰਡੀਆ ਤੋਂ ਇਲਾਵਾ ਆਤਮ ਨਗਰ ਤੋਂ ਐੱਲ ਐੱਲ ਏ ਕੁਲਵੰਤ ਸਿੰਘ ਸਿੱਧੂ, ਲੁਧਿਆਣਾ ਉੱਤਰੀ ਤੋਂ ਐੱਮ ਐੱਲ ਏ. ਦਲਜੀਤ ਸਿੰਘ ਭੋਲਾ ਗਰੇਵਾਲ, ਲੁਧਿਆਣਾ ਦੱਖਣੀ ਤੋਂ ਐੱਮ ਐੱਲ ਏ. ਰਾਜਿੰਦਰਪਾਲ ਕੌਰ ਮੌਜੂਦ ਸਨ ।
ਮੁਖ ਮੰਤਰੀ, ਖੇਤੀ ਮੰਤਰੀ, ਪਸ਼ੂ ਪਾਲਣ ਮੰਤਰੀ ਅਤੇ ਹੋਰ ਪਤਵੰਤਿਆਂ ਨੂੰ ਯੂਨਵਿਰਸਿਟੀ ਵੱਲੋਂ ਯਾਦ ਚਿੰਨਾਂ ਨਾਲ ਸਨਮਾਨਿਆ ਗਿਆ । ਨਾਲ ਹੀ ਮੁੱਖ ਮੰਤਰੀ ਨੇ ਅਗਾਂਹਵਧੂ ਕਿਸਾਨਾਂ ਅਤੇ ਵਿਗਿਆਨੀਆਂ ਦਾ ਸਨਮਾਨ ਕੀਤਾ । ਇਸ ਮੌਕੇ ਪੀ.ਏ.ਯੂ. ਦਾ ਖੇਤੀ ਸਾਹਿਤ ਅਤੇ ਪਰਾਲੀ ਦੀ ਸੰਭਾਲ ਬਾਰੇ ਗੀਤਾਂ ਦੀ ਸੀ ਡੀ ਰਿਲੀਜ਼ ਕੀਤੀ ਗਈ । ਦਰਬਾਰ ਸਾਹਿਬ ਦੀਆਂ ਬੇਰੀਆਂ ਦੀ ਸੰਭਾਲ ਕਰਨ ਵਾਲੇ ਪੀ.ਏ.ਯੂ. ਮਾਹਿਰਾਂ ਦੀ ਟੀਮ ਦਾ ਵਿਸ਼ੇਸ਼ ਸਨਮਾਨ ਹੋਇਆ ।
ਪੀ.ਏ.ਯੂ. ਦੇ ਮਾਹਿਰਾਂ ਨੇ ਕਿਸਾਨਾਂ ਨੂੰ ਖੇਤੀ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਜਾਣਕਾਰੀ ਸੈਸ਼ਨ ਵਿਚ ਜਾਣਕਾਰੀ ਦਿੱਤੀ। ਪੰਜਾਬ ਦੇ ਲੋਕ ਕਲਾਕਾਰਾਂ ਸੁਰਜੀਤ ਭੁੱਲਰ, ਸੁਰਭੀ ਮਾਨ ਅਤੇ ਪੰਡਿਤ ਸੋਮਨਾਥ ਕਵੀਸ਼ਰ ਰੋਡੇ ਨੇ ਹਾਜ਼ਰ ਕਿਸਾਨਾਂ ਦਾ ਮਨੋਰੰਜਨ ਕੀਤਾ । ਮੇਲੇ ਵਿੱਚ ਵੱਡੀ ਪੱਧਰ ਤੇ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ.ਏ.ਯੂ. ਦੇ ਵਿਭਾਗਾਂ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ।