ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਸਥਾਪਿਤ ਪੇਂਡੂ ਜੀਵਨ ਦੇ ਅਜਾਇਬ ਘਰ ਨੂੰ ਪੰਜਾਬ ਸਰਕਾਰ ਨੇ ਸੈਰ-ਸਪਾਟੇ ਦੇ ਸਥਾਨ ਵਜੋਂ ਮਾਨਤਾ ਦਿੱਤੀ ਹੈ । ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਬੀਤੀ 27 ਸਤੰਬਰ ਨੂੰ ਯੂਨੀਵਰਸਿਟੀ ਦੇ ਅਜਾਇਬ ਘਰ ਨੂੰ ਪੰਜਾਬ ਦੇ ਸੈਰ-ਸਪਾਟਾ ਮੰਤਰਾਲੇ ਦੀ ਵੈੱਬਸਾਈਟ ਵਿੱਚ ਥਾਂ ਮਿਲ ਗਈ ਸੀ । ਉਹਨਾਂ ਦੱਸਿਆ ਕਿ ਇਸ ਅਜਾਇਬ ਘਰ ਦਾ ਨਿਰਮਾਣ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਕੀਤਾ ਗਿਆ ਸੀ ।
ਉਹਨਾਂ ਦੱਸਿਆ ਕਿ ਇਸ ਅਜਾਇਬ ਘਰ ਨੂੰ ਪੰਜਾਬ ਦੀ ਅਮੀਰ ਪੇਂਡੂ ਵਿਰਾਸਤ ਦੇ ਕੇਂਦਰ ਵਜੋਂ ਵਿਉਂਤਿਆ ਗਿਆ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸਾਡੇ ਰਵਾਇਤੀ ਸੱਭਿਆਚਾਰ ਨਾਲ ਵਾਕਫ਼ੀ ਹੋ ਸਕੇ । ਡਾ. ਗੋਸਲ ਨੇ ਆਸ ਪ੍ਰਗਟਾਈ ਕਿ ਦੇਸ਼-ਵਿਦੇਸ਼ ਵਸਦੇ ਪੰਜਾਬ ਵਾਸੀ ਆਪਣੀਆਂ ਅਗਲੀਆਂ ਪੀੜੀਆਂ ਨੂੰ ਇਹ ਅਜਾਇਬ ਘਰ ਦਿਖਾਉਣਗੇ ਤਾਂ ਜੋ ਉਹਨਾਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਤੋਂ ਜਾਣੂੰ ਕਰਵਾਇਆ ਜਾ ਸਕੇ ।
ਇਸ ਅਜਾਇਬ ਘਰ ਦੀ ਦਿੱਖ ਪੁਰਾਣੀ ਇਮਾਰਤਸਾਜ਼ੀ ਦਾ ਨਮੂਨਾ ਹੈ। ਇਹ ਇਮਾਰਤ 18ਵੀਂ ਸਦੀ ਦੇ ਪੰਜਾਬ ਦੀ ਹਵੇਲੀਨੁਮਾ ਇਮਾਰਤ ਵਾਂਗ ਬਣਾਈ ਗਈ ਹੈ। ਇਸ ਵਿਚ ਰਸੋਈ ਦੇ ਪੁਰਾਣੇ ਭਾਂਡੇ, ਖੇਤੀ ਦੇ ਸੰਦ, ਹੱਥੀਂ ਬਣੀਆਂ ਕਿ੍ਰਤਾਂ, ਸੰਗੀਤਕ ਸਾਜ਼, ਪੁਰਾਣੇ ਸਮੇਂ ਘਰਾਂ ਦੀ ਸਜਾਵਟ ਲਈ ਬਣਾਈਆਂ ਜਾਂਦੀਆਂ ਚੀਜ਼ਾਂ, ਅਨਾਜ ਦੀ ਸੰਭਾਲ ਦੇ ਸਾਧਨ, ਪਸ਼ੂਆਂ ਨਾਲ ਸੰਬੰਧਿਤ ਸਾਜ਼ੋ-ਸਾਮਾਨ ਤੇ ਹੋਰ ਚੀਜ਼ਾਂ ਜੋ ਖੇਤਾਂ ਤੇ ਘਰਾਂ ਵਿਚ ਕੰਮ ਆਉਂਦੀਆਂ ਹਨ, ਉਹ ਨੁਮਾਇਸ਼ ਲਈ ਸਜਾਈਆਂ ਗਈਆਂ ਹਨ।