ਲੁਧਿਆਣਾ : ਬੀਤੇ ਦਿਨੀਂ ਦ ਨੇਚਰ ਕੰਜ਼ਰਵੈਂਸੀ ਦੀ ਗਲੋਬਲ ਟੀਮ ਨੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਨਾਲ ਬਿਨਾਂ ਸਾੜੇ ਖੇਤੀਬਾੜੀ ਵਿਸ਼ੇ ’ਤੇ ਗੱਲਬਾਤ ਕੀਤੀ। ਪੀ.ਏ.ਯੂ. ਅਤੇ ਦ ਨੇਚਰ ਕੰਜ਼ਰਵੈਂਸੀ ਦਰਮਿਆਨ ਦਸੰਬਰ 2022 ਦੇ ਅੱਧ ਵਿੱਚ ’ਪੰਜਾਬ ਵਿੱਚ ਬਿਨਾਂ ਸਾੜੇ ਅਤੇ ਮੂਡ ਨਿਰਮਾਣ ਵਾਲੀ ਖੇਤੀਬਾੜੀ ਦੇ ਵਿਕਾਸ ਅਤੇ ਇਸਨੂੰ ਲਾਗੂ ਕਰਨ ਦੇ ਪ੍ਰਭਾਵਾਂ ਨੂੰ ਉਤਸਾਹਿਤ ਕਰਨ ਲਈ ਸਾਂਝੇ ਯਤਨਾਂ ਵਾਸਤੇ ਇੱਕ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਗਏ ਸਨ।
ਵਫ਼ਦ ਨੂੰ ਪੀ.ਏ.ਯੂ. ਦੀਆਂ ਮੌਜੂਦਾ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਸ ਸੰਸਥਾਂ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਉਣ ਲਈ ਮੋਹਰੀ ਹੋਣ ਦੇ ਨਾਲ-ਨਾਲ ਖੇਤੀਬਾੜੀ ਮਧੂ-ਮੱਖੀ ਪਾਲਣ ਅਤੇ ਖੇਤੀ ਮਸੀਨੀਕਰਨ ਦੇ ਖੇਤਰ ਵਿੱਚ ਅਗਵਾਈ ਕਰਦੀ ਹੈ। ਡਾ. ਗੋਸਲ ਨੇ ਕਿਹਾ ਕਿ ਸੁਰੱਖਿਅਤ ਅਤੇ ਪ੍ਰੋਸੈਸਿੰਗ ਟੈਕਨਾਲੋਜੀਆਂ ਵਿੱਚ ਨਵੀਂ ਖੋਜ ਨੇ ਤਕਨਾਲੋਜੀ ਬਾਰੇ ਯੂਨੀਵਰਸਿਟੀ ਦੀ ਅਸਾਧਾਰਣ ਕਾਰਜ ਪਹੁੰਚ ਦਾ ਪ੍ਰਗਟਾਵਾ ਕੀਤਾ ਹੈ ।
ਪੀ.ਏ.ਯੂ. ਦੇ ਭਵਿੱਖੀ ਖੇਤਰਾਂ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਖੇਤੀਬਾੜੀ ਵਿੱਚ ਸਮਾਰਟ ਯੁੱਗ ਦੇ ਮੱਦੇਨਜ਼ਰ ਸੈਂਸਰ-ਅਧਾਰਿਤ ਤਕਨਾਲੋਜੀਆਂ, ਡਰੋਨ, ਇਮੇਜਿੰਗ, ਮਸਨੂਈ ਬੌਧਿਕਤਾ, ਇੰਟਰਨੈਟ ਆਫ ਥਿੰਗਜ ਅਤੇ ਰੋਬੋਟਿਕਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ । ਉਹਨਾਂ ਨੇ ਅਕਾਦਮਿਕ ਫਸਲ ਸੁਧਾਰ ਪ੍ਰੋਗਰਾਮਾਂ ਲਈ ਵੱਖ-ਵੱਖ ਜੀ-20 ਮੈਂਬਰ ਦੇਸਾਂ ਦੇ ਨਾਲ 60 ਸਾਲ ਪੁਰਾਣੀ ਸਾਂਝੇਦਾਰੀ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਪੀ.ਏ.ਯੂ. ਸਾਂਝੇ ਮੁੱਲਾਂ ਅਤੇ ਸੰਬੰਧਾਂ ਨੂੰ ਹੋਰ ਗਤੀਸ਼ੀਲ ਬਨਾਉਣ ਲਈ ਵਚਨਬੱਧ ਹੈ ।
ਸ਼੍ਰੀ ਮੈਥਿਊ ਬ੍ਰਾਊਨ ਨੇ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਦੀਆਂ ਤਕਨਾਲੋਜੀਆਂ ਨੂੰ ਲਾਗੂ ਕਰਨ ਲਈ ਢੁੱਕਵਾਂ ਮਾਹੌਲ ਬਣਾਉਣ ਵਿੱਚ ਰਾਜਨੀਤਿਕ ਇੱਛਾ ਸਕਤੀ ਦੀ ਭੂਮਿਕਾ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਸ ਸੰਬੰਧ ਵਿੱਚ ਕੁਝ ਸਾਂਝੀਆਂ ਕੋਸ਼ਿਸ਼ਾਂ ਨਾਲ ਹੀ ਸਫਲਤਾ ਪ੍ਰਾਪਤ ਕੀਤੀ ਜਾ ਸਕੇਗੀ । ਸ਼੍ਰੀ ਮਾਈਕਲ ਡੋਨੇ ਨੇ ਇਸ ਖੇਤਰ ਵਿੱਚ ਸਾਫ ਹਵਾ, ਸਿਹਤਮੰਦ ਮਿੱਟੀ, ਅਤੇ ਸੁਧਰੇ ਹੋਏ ਪਾਣੀ ਦੇ ਪੱਧਰ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸਥਾਈ ਤੌਰ ’ਤੇ ਭੋਜਨ ਪੈਦਾ ਕਰਨ ਲਈ ਵਿਗਿਆਨ ਦੀ ਵਰਤੋਂ ਕਰਕੇ ਬਿਨਾਂ ਸਾੜੇ ਖੇਤੀਬਾੜੀ ਬਾਰੇ ਭਵਿੱਖ ਦੇ ਦ ਨੇਚਰ ਕੰਜ਼ਰਵੈਂਸੀ ਦੇ ਦਿ੍ਰਸਟੀਕੋਣ ਨੂੰ ਸਾਂਝਾ ਕੀਤਾ।