ਲੁਧਿਆਣਾ : ਪੀ.ਏ.ਯੂ. ਵਿੱਚ ਜਾਰੀ ਡਾਇਮੰਡ ਜੁਬਲੀ ਅੰਤਰ ਕਾਲਜ ਯੁਵਕ ਮੇਲੇ ਵਿੱਚ ਸੋਲੋ ਅਤੇ ਸਮੂਹ ਸ਼ਬਦ ਗਾਇਨ ਮੁਕਾਬਲੇ ਹੋਏ । ਇਹਨਾਂ ਮੁਕਾਬਲਿਆਂ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਗੁਰ ਮਹਿਮਾ ਰਾਹੀਂ ਦੈਵੀ ਮਾਹੌਲ ਸਿਰਜਿਆ ਅੱਜ ਸ਼ਬਦ ਗਾਇਨ ਤੋਂ ਇਲਾਵਾ ਮਾਈਨ, ਭੰਡ, ਮੋਨੋ ਐਕਟਿੰਗ ਅਤੇ ਇੱਕ ਝਾਕੀ ਨਾਟਕਾਂ ਦੇ ਮੁਕਾਬਲੇ ਵੀ ਹੋਏ ।
ਅੱਜ ਦੇ ਮੁਕਾਬਲਿਆਂ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ । ਡਾ. ਗੋਸਲ ਨੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਤੀ ਵਿਗਿਆਨ ਦੀ ਯੂਨੀਵਰਸਿਟੀ ਹੋਣ ਦੇ ਬਾਵਜੂਦ ਪੀ.ਏ.ਯੂ. ਦੇ ਵਿਦਿਆਰਥੀਆਂ ਦੀ ਕਲਾ ਦਾ ਮਿਆਰ ਕਿਸੇ ਪੱਖੋਂ ਵੀ ਘੱਟ ਨਹੀਂ । ਇਸਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਅਤੇ ਉਹਨਾਂ ਦੇ ਇੰਜਾਰਜ਼ ਅਧਿਆਪਕਾਂ ਨੂੰ ਜਾਂਦਾ ਹੈ ।
ਕੱਲ ਹੋਏ ਮੁਕਾਬਲਿਆਂ ਦੇ ਨਤੀਜੇ ਵੀ ਐਲਾਨੇ ਗਏ । ਲੋਕ ਗੀਤ ਮੁਕਾਬਲਿਆਂ ਵਿੱਚ ਬਾਗਬਾਨੀ ਕਾਲਜ ਦੇ ਵਿਸ਼ਵਜੀਤ ਸਿੰਘ ਨੂੰ ਪਹਿਲਾ ਅਤੇ ਇਸੇ ਕਾਲਜ ਦੀ ਹਰਲੀਨ ਕੌਰ ਦੂਸਰਾ ਸਥਾਨ ਮਿਲਿਆ । ਤੀਜੇ ਸਥਾਨ ਤੇ ਦੋ ਵਿਦਿਆਰਥੀ ਰਹੇ ਜਿਨਾਂ ਵਿੱਚ ਬੇਸਿਕ ਸਾਇੰਸਜ਼ ਕਾਲਜ ਦੀ ਪ੍ਰੀਤੀਮਾਨ ਕੌਰ ਅਤੇ ਕਮਿਊਨਟੀ ਸਾਇੰਸ ਕਾਲਜ ਦੀ ਗੁਰਲੀਨ ਕੌਰ ਸ਼ਾਮਿਲ ਹਨ ।
ਸੋਲੋ ਡਾਂਸ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਕਮਿਊਨਟੀ ਸਾਇੰਸ ਕਾਲਜ ਦੀ ਸ਼੍ਰੇਆ ਬਕਸ਼ੀ ਨੂੰ ਮਿਲਿਆ, ਦੂਜੇ ਸਥਾਨ ਤੇ ਬਾਗਬਾਨੀ ਕਾਲਜ ਦੀ ਨਵਪ੍ਰੀਤ ਕੌਰ ਰਹੀ ਜਦਕਿ ਖੇਤੀਬਾੜੀ ਕਾਲਜ ਦੀ ਗੁਰਲੀਨ ਕੌਰ ਨੂੰ ਤੀਸਰਾ ਸਥਾਨ ਹਾਸਲ ਹੋਇਆ । ਪੱਛਮੀ ਸੋਲੋ ਗੀਤ ਗਾਇਨ ਵਿੱਚ ਬੇਸਿਕ ਸਾਇੰਸਜ਼ ਕਾਲਜ ਦੀ ਯਸ਼ਿਕਾ ਭੱਟ, ਕਮਿਊਨਟੀ ਸਾਇੰਸ ਕਾਲਜ ਦੀ ਗੁਰਲੀਨ ਕੌਰ ਬਾਜਵਾ ਅਤੇ ਬਾਗਬਾਨੀ ਕਾਲਜ ਦੇ ਅੰਸ਼ੁਲ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ ।
ਪੱਛਮੀ ਸਮੂਹ ਗਾਨ ਮੁਕਾਬਲੇ ਵਿੱਚ ਕਮਿਊਨਟੀ ਸਾਇੰਸ ਕਾਲਜ ਦੀ ਟੀਮ ਪਹਿਲੇ, ਖੇਤੀਬਾੜੀ ਕਾਲਜ ਦੀ ਟੀਮ ਦੂਜੇ ਅਤੇ ਬੇਸਿਕ ਸਾਇੰਸ ਕਾਲਜ ਦੀ ਟੀਮ ਤੀਜੇ ਸਥਾਨ ਤੇ ਰਹੀ । ਭਾਰਤੀ ਸਮੂਹ ਗਾਨ ਮੁਕਾਬਲੇ ਵਿੱਚ ਬਾਗਬਾਨੀ ਕਾਲਜ ਨੂੰ ਪਹਿਲਾ ਸਥਾਨ ਮਿਲਿਆ ਜਦਕਿ ਖੇਤੀਬਾੜੀ ਕਾਲਜ ਦੂਸਰੇ ਅਤੇ ਬੇਸਿਕ ਸਾਇੰਸਜ਼ ਕਾਲਜ ਤੀਸਰੇ ਸਥਾਨ ਤੇ ਰਹੇ ।
ਲਾਈਟ ਸੋਲੋ ਵੋਕਲ ਮੁਕਾਬਲ਼ਿਆਂ ਵਿੱਚ ਬਾਗਬਾਨੀ ਕਾਲਜ ਦੇ ਵਿਸ਼ਵਜੀਤ ਸਿੰਘ ਪਹਿਲੇ ਸਥਾਨ ਤੇ ਰਹੇ, ਦੂਸਰਾ ਸਥਾਨ ਖੇਤੀਬਾੜੀ ਕਾਲਜ ਦੇ ਹਰਪ੍ਰੀਤ ਸਿੰਘ ਨੂੰ ਹਾਸਲ ਹੋਇਆ ਜਦਕਿ ਬਾਗਬਾਨੀ ਕਾਲਜ ਦੀ ਹਰਲੀਨ ਕੌਰ ਤੀਸਰੇ ਸਥਾਨ ਤੇ ਰਹੀ ।
ਕੱਲ ਯੁਵਕ ਮੇਲੇ ਦੇ ਆਖਰੀ ਦਿਨ ਨਾਟ ਕਲਾ ਦੇ ਮੁਕਾਬਲੇ, ਸਕਿੱਟ, ਮਮਕਿਰੀ, ਲੰਮੀ ਹੇਕ ਵਾਲੇ ਗੀਤ ਤੋਂ ਇਲਾਵਾ ਮਰਦਾਂ ਅਤੇ ਔਰਤਾਂ ਦੇ ਲੋਕ ਨਾਚ ਮੁਕਾਬਲੇ ਹੋਣਗੇ ਅਤੇ ਸ਼ਾਮ ਨੂੰ ਇਨਾਮ ਵੰਡ ਸਮਾਗਮ ਹੋਵੇਗਾ ।