Connect with us

ਪੰਜਾਬ ਨਿਊਜ਼

ਪੀ.ਏ.ਯੂ. ਦੇ ਕਣਕ ਵਿਗਿਆਨੀ ਨੂੰ ਰਾਸ਼ਟਰੀ ਐਵਾਰਡ ਹੋਇਆ ਪ੍ਰਾਪਤ 

Published

on

PAU The wheat scientist received the national award
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਕਣਕ ਸੁਧਾਰ ਖੋਜ ਟੀਮ ਦੇ ਪ੍ਰਮੁੱਖ ਕਣਕ ਕਿਸਮ ਸੁਧਾਰਕ ਅਤੇ ਪਲਾਂਟ ਬਰੀਡਿੰਗ ਵਿਭਾਗ ਦੇ ਮੁਖੀ ਡਾ ਵੀਰਇੰਦਰ ਸਿੰਘ ਸੋਹੂ ਨੂੰ ਸਾਲ 2022 ਲਈ ਵੱਕਾਰੀ ਵਿਗਿਆਨੀ ਡਾ. ਐਮ.ਵੀ. ਰਾਓ ਮੈਮੋਰੀਅਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਪਦਮ ਸ਼੍ਰੀ ਪ੍ਰੋ. ਐਮ.ਵੀ. ਰਾਓ, ਇੱਕ ਪ੍ਰਸਿੱਧ ਕਣਕ ਬਰੀਡਰ ਸਨ ਅਤੇ ਇਹ ਐਵਾਰਡ ਅਨਾਜ ਫਸਲਾਂ ਦੇ ਪ੍ਰਜਨਨ ਅਤੇ ਜੈਨੇਟਿਕਸ ਦੇ ਖੇਤਰ ਵਿੱਚ ਅਗਾਂਹਵਧੂ ਕੰਮ ਲਈ ਪ੍ਰਦਾਨ ਕੀਤਾ ਜਾਂਦਾ ਹੈ।
ਇਹ ਪੁਰਸਕਾਰ ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਦੇ ਡਿਪਟੀ ਡਾਇਰੈਕਟਰ ਜਨਰਲ (ਫਸਲ ਵਿਗਿਆਨ) ਡਾ. ਡਾ.ਟੀ.ਆਰ. ਸ਼ਰਮਾ ਅੰਤਰਰਾਸ਼ਟਰੀ ਮੱਕੀ ਅਤੇ ਕਣਕ ਸੁਧਾਰ ਕੇਂਦਰ ਮੈਕਸੀਕੋ ਦੇ ਡਾਇਰੈਕਟਰ ਜਨਰਲ ਡਾ. ਬ੍ਰਾਮ ਗੋਵਰਟਸ, ਇੰਡੀਅਨ ਇੰਸਟੀਚਿਊਟ ਆਫ ਕਣਕ ਅਤੇ ਜੌਂ ਖੋਜ ਕੇਂਦਰ ਕਰਨਾਲ ਦੇ ਡਾਇਰੈਕਟਰ ਡਾ.ਜੀ.ਪੀ. ਅਤੇ ਡਾ. ਡੀ.ਐਚ. ਰਾਨਾਡੇ ਵਲੋਂ ਆਰ.ਵੀ.ਐਸ.ਕੇ.ਵੀ.ਵੀ ਗਵਾਲੀਅਰ ਵਿਖੇ ਆਯੋਜਿਤ ਰਾਸ਼ਟਰੀ ਕਣਕ ਮੀਟਿੰਗ ਦੌਰਾਨ ਡਾ. ਸੋਹੂ ਨੂੰ ਪ੍ਰਦਾਨ ਕੀਤਾ ਗਿਆ ।
ਡਾ ਵੀ.ਐਸ.ਸੋਹੂ ਨੇ ਆਪਣੀ ਐਮ.ਐਸ.ਸੀ. ਅਤੇ ਪੀ.ਐਚ.ਡੀ. ਪੀ.ਏ.ਯੂ. ਤੋਂ ਹਾਸਲ ਕੀਤੀ । ਉਹਨਾਂ ਪੀ.ਏ.ਯੂ. ਵਿੱਚ ਕਣਕ ਬਰੀਡਰ ਦੇ 30 ਸਾਲਾਂ ਕਾਰਜਕਾਲ ਦੌਰਾਨ  ਕਣਕ ਦੀਆਂ 28 ਕਿਸਮਾਂ ਵਿਕਸਤ ਕੀਤੀਆਂ, ਜਿਨ੍ਹਾਂ ਵਿੱਚੋਂ 17 ਰਾਸ਼ਟਰੀ ਪੱਧਰ `ਤੇ ਜਾਰੀ ਕੀਤੀਆਂ ਗਈਆਂ । ਇਹਨਾਂ ਵਿੱਚ ਖਾਸ ਤੌਰ ਤੇ ਪੀ.ਬੀ.ਡਬਲਯੂ.-343, ਪੀ.ਬੀ.ਡਬਲਯੂ.-373, ਪੀ.ਬੀ.ਡਬਲਯੂ.-502, ਪੀ.ਬੀ.ਡਬਲਯੂ.-550, ਪੀ.ਬੀ.ਡਬਲਯੂ.-725 ਅਤੇ ਉੱਨਤ ਪੀ.ਬੀ.ਡਬਲਯੂ.-343, ਪੀ.ਬੀ.ਡਬਲਯੂ.-1 ਜ਼ਿੰਕ ਪ੍ਰਮੁੱਖ ਹਨ ।
ਉਹਨਾਂ ਵੱਲੋਂ ਵਿਕਸਿਤ ਕਿਸਮਾਂ ਦੀ ਪਿਛਲੇ 25 ਸਾਲਾਂ ਵਿੱਚ ਪੰਜਾਬ ਵਿੱਚ ਸਾਲਾਨਾ 60% ਤੋਂ ਵੱਧ ਕਣਕ ਦੇ ਰਕਬੇ `ਤੇ ਬਿਜਾਈ ਹੋਈ ਹੈ । ਇਸ ਤੋਂ ਇਲਾਵਾ ਉਹਨਾਂ ਨੇ 58 ਪੂਰੇ ਖੋਜ ਪੱਤਰਾਂ ਸਹਿਤ 226 ਪ੍ਰਕਾਸ਼ਨਾਵਾਂ ਦਰਜ਼ ਕਰਵਾਈਆਂ । ਉਹਨਾਂ ਨੇ 10 ਕਰੋੜ ਰੁਪਏ ਦੀ ਮਾਲੀ ਇਮਦਾਦ ਨਾਲ 27 ਖੋਜ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ । ਕਣਕ ਅਤੇ ਮੱਕੀ ਖੋਜ ਕੇਂਦਰ ਮੈਕਸੀਕੋ ਨਾਲ ਉਹ ਖੋਜੀ ਵਿਗਿਆਨੀ ਵਜੋਂ ਜੁੜੇ ਰਹੇ । ਵਾਈਸ ਚਾਂਸਲਰ ਡਾ. ਗੋਸਲ ਨੇ ਡਾ. ਸੋਹੂ ਨੂੰ ਇਹ ਪੁਰਸਕਾਰ ਪ੍ਰਾਪਤ ਕਰਨ ਲਈ ਵਧਾਈ ਦਿੱਤੀ।

Facebook Comments

Trending