ਲੁਧਿਆਣਾ : ਪੀ.ਏ.ਯੂ. ਦੇ ਖੇਡ ਮੈਦਾਨਾਂ ਵਿੱਚ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦੀ ਅਗਵਾਈ ਹੇਠ ਪੰਜਾਬ ਦੀਆਂ ਲੋਕ ਖੇਡਾਂ ਨੇ ਸੱਭਿਆਚਾਰ, ਸਮਾਜਿਕ ਵਿਕਾਸ ਅਤੇ ਰਵਾਇਤ ਦੀ ਵਚਿੱਤਰ ਝਲਕ ਪੇਸ਼ ਕੀਤੀ | ਕੁੜੀਆਂ ਦੀਆਂ ਖੇਡਾਂ ਦੇ ਮੁਕਾਬਲੇ ਵਿੱਚ ਗੀਟੇ, ਸਟੈਪੂ ਅਤੇ ਕੋਟਲਾ ਛਪਾਕੀ ਕਰਵਾਈਆਂ ਗਈਆਂ ਜਦਕਿ ਮੁੰਡਿਆਂ ਨੇ ਬੰਟੇ, ਬਾਂਦਰ ਕੀਲਾ ਅਤੇ ਪਿੱਠੂ ਵਰਗੀਆਂ ਖੇਡਾਂ ਵਿੱਚ ਹਿੱਸਾ ਲਿਆ |
ਇਹਨਾਂ ਖੇਡਾਂ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਸਮੇਂ ਦੀ ਚਾਲ ਨੇ ਵਿਗਿਆਨ, ਤਕਨਾਲੋਜੀ, ਕਲਾ ਅਤੇ ਲੋਕ ਪ੍ਰੰਪਰਾ ਨੂੰ ਨਵੇਂ ਸਿਰੇ ਤੋਂ ਵਿਉਂਤਿਆ ਹੈ | ਇਸ ਨਾਲ ਲੋਕ ਕਲਾਵਾਂ ਅਤੇ ਲੋਕ ਖੇਡਾਂ ਸਾਡੇ ਲਈ ਬੀਤੇ ਸਮੇਂ ਦੀ ਗੱਲ ਜਾਪਣ ਲੱਗੀਆਂ ਹਨ ਪਰ ਪੰਜਾਬੀਆਂ ਦਾ ਵਿਰਸੇ ਨਾਲ ਮੋਹ ਜੱਗ ਜ਼ਾਹਿਰ ਹੈ ਇਸਲਈ ਇਹਨਾਂ ਖੇਡਾਂ ਦਾ ਆਯੋਜਨ ਲੋਕ ਸੱਭਿਆਚਾਰ ਨਾਲ ਆਉਂਦੀਆਂ ਪੀੜ•ੀਆਂ ਨੂੰ ਜੋੜਨ ਦਾ ਵਸੀਲਾ ਹੈ |
ਡਾ. ਗੋਸਲ ਨੇ ਕਿਹਾ ਕਿ ਇਹਨਾਂ ਖੇਡਾਂ ਨੂੰ ਦੇਖਣ ਲਈ ਭਾਰੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਦਾ ਆਉਣਾ ਸਾਬਿਤ ਕਰਦਾ ਹੈ ਕਿ ਪੰਜਾਬੀਆਂ ਵਿੱਚ ਅੱਜ ਵੀ ਆਪਣੀ ਲੋਕ ਵਿਰਾਸਤ ਪ੍ਰਤੀ ਤਿੱਖੇ ਮੋਹ ਦੀ ਭਾਵਨਾ ਪਈ ਹੈ | ਉਹਨਾਂ ਕਿਹਾ ਕਿ ਪੁਰਾਣੇ ਸਮਿਆਂ ਵਿੱਚ ਇਹ ਖੇਡਾਂ ਬੱਚਿਆਂ ਦੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਦਾ ਵਸੀਲਾ ਹੁੰਦੀਆਂ ਸਨ |
ਅੱਜ ਦੇ ਯੁੱਗ ਵਿੱਚ ਤਕਨਾਲੋਜੀ ਨਾਲ ਜੁੜੇ ਬੱਚਿਆਂ ਨੂੰ ਇਹਨਾਂ ਖੇਡਾਂ ਤੋਂ ਜਾਣੂੰ ਕਰਵਾਉਣਾ ਬੇਹੱਦ ਜ਼ਰੂਰੀ ਹੈ ਤਾਂ ਹੀ ਇੱਕ ਸਿਹਤਮੰਦ ਸਮਾਜ ਦੀ ਉਸਾਰੀ ਸੰਭਵ ਹੋਵੇਗੀ | ਡਾ. ਗੋਸਲ ਨੇ ਕਿਹਾ ਕਿ ਭਾਵੇਂ ਇਹਨਾਂ ਖੇਡਾਂ ਦਾ ਆਯੋਜਨ ਪਹਿਲੀ ਵਾਰ ਹੋ ਰਿਹਾ ਹੈ ਪਰ ਇਸ ਨੂੰ ਲਗਾਤਾਰ ਕਰਵਾਏ ਜਾਣ ਦੀ ਲੋੜ ਹੈ ਤਾਂ ਕਿ ਪੰਜਾਬੀ ਅਤੇ ਗੈਰ ਪੰਜਾਬੀ ਵਿਦਿਆਰਥੀਆਂ ਨੂੰ ਪੰਜਾਬ ਦੇ ਲੋਕ ਵਿਰਸੇ ਦਾ ਮਹੱਤਵ ਸਮਝ ਵਿੱਚ ਆ ਸਕੇ |
ਇਹਨਾਂ ਖੇਡਾਂ ਦੇ ਆਯੋਜਨ ਦਾ ਉਦੇਸ਼ ਦੱਸਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਆਮਤੌਰ ਤੇ ਇਹ ਖੇਡਾਂ ਸਮੂਹਾਂ ਵਿੱਚ ਖੇਡੀਆਂ ਜਾਂਦੀਆਂ ਹਨ ਜਿਸ ਨਾਲ ਸਮਾਜ ਵਿੱਚ ਸਾਂਝੀਵਾਲਤਾ, ਪਿਆਰ ਅਤੇ ਸਦਭਾਵਨਾ ਪੈਦਾ ਹੁੰਦੀ ਹੈ | ਪੰਜਾਬੀ ਸਮਾਜ ਨੂੰ ਇਕਮੁੱਠ ਅਤੇ ਉਸਾਰੂ ਬਨਾਉਣ ਲਈ ਇਹਨਾਂ ਖੇਡਾਂ ਦਾ ਅਹਿਮ ਮਹੱਤਵ ਹੈ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਖੇਤੀਬਾੜੀ ਕਾਲਜ ਦੇ ਡੀਨ ਡਾ. ਰਾਵਿੰਦਰ ਕੌਰ ਧਾਲੀਵਾਲ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਸਹਿਯੋਗੀ ਨਿਰਦੇਸ਼ਕ ਸਕਿੱਲ ਡਿਵੈਲਪਮੈਂਟ ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ ਸੰਸਥਾਈ ਸੰਪਰਕ ਡਾ. ਵਿਸ਼ਾਲ ਬੈਕਟਰ ਅਤੇ ਹੋਰ ਅਧਿਕਾਰੀਆਂ ਅਤੇ ਵਿਭਾਗਾਂ ਦੇ ਮੁਖੀਆਂ ਸਮੇਤ ਭਾਰੀ ਗਿਣਤੀ ਵਿੱਚ ਕਰਮਚਾਰੀ ਅਤੇ ਫੈਕਲਟੀ ਮੈਂਬਰ ਹਾਜ਼ਰ ਰਹੇ |
ਇਹਨਾਂ ਖੇਡਾਂ ਦੇ ਜੇਤੂਆਂ ਨੂੰ ਪ੍ਰਮਾਣ ਪੱਤਰ ਅਤੇ ਯਾਦ ਚਿੰਨ• ਦਿੱਤੇ ਗਏ | ਕੁੜੀਆਂ ਦੀਆਂ ਖੇਡਾਂ ਦੀ ਸਮੁੱਚੀ ਟਰਾਫੀ ਬਾਗਬਾਨੀ ਅਤੇ ਜੰਗਲਾਤ ਕਾਲਜ ਨੇ ਜਿੱਤੀ ਜਦਕਿ ਮੁੰਡਿਆਂ ਦੀਆਂ ਖੇਡਾਂ ਵਿੱਚ ਖੇਤੀਬਾੜੀ ਕਾਲਜ ਸਮੁੱਚੇ ਤੌਰ ਤੇ ਜੇਤੂ ਰਿਹਾ |