ਲੁਧਿਆਣਾ : ਆਨਲਾਈਨ ਪ੍ਰੀਖਿਆ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਨੇ ਅੱਠਵੇਂ ਦਿਨ ਵੀ ਧਰਨਾ ਦਿੱਤਾ। ਵਿਦਿਆਰਥੀ ਪਿਛਲੇ ਅੱਠ ਦਿਨਾਂ ਤੋਂ ਕਲਾਸਾਂ ਅਤੇ ਪ੍ਰੀਖਿਆਵਾਂ ਦਾ ਬਾਈਕਾਟ ਕਰਕੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਧਰਨੇ ‘ਤੇ ਬੈਠੇ ਹਨ।
ਵਿਦਿਆਰਥੀਆਂ ਨੇ ਪੂਰੇ ਕੈਂਪਸ ਵਿਚ ਰੋਸ ਮਾਰਚ ਕੱਢਿਆ ਤੇ ਫਿਰ ਥਾਪਰ ਹਾਲ ਦੇ ਗੇਟ ਦੇ ਬਾਹਰ ਬੈਠ ਗਏ। ਬਾਅਦ ਦੁਪਹਿਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਧਲੇਲ ਨੇ ਵੀ ਧਰਨੇ ‘ਚ ਪਹੁੰਚ ਕੇ ਆਪਣਾ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਯੂਨੀਵਰਸਿਟੀ ਨੇ 2 ਦਿਨਾਂ ‘ਚ ਕੋਈ ਫੈਸਲਾ ਨਾ ਲਿਆ ਤਾਂ ਉਹ ਵੀ ਧਰਨੇ ‘ਚ ਸ਼ਾਮਲ ਹੋਣਗੇ।
ਦੂਜੇ ਪਾਸੇ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀ ਨੁਮਾਇੰਦਿਆਂ ਨੂੰ ਦਿਨ ‘ਚ ਦੋ ਵਾਰ ਮਿਲ ਕੇ ਆਫ ਲਾਈਨ ਪ੍ਰੀਖਿਆ ਬਾਰੇ ਦੱਸਿਆ ਗਿਆ ਪਰ ਵਿਦਿਆਰਥੀ ਆਪਣੀ ਮੰਗ ‘ਤੇ ਅੜੇ ਹੋਏ ਹਨ। ਵਿਦਿਆਰਥੀਆਂ ਨੇ ਕਿਹਾ ਕਿ ਉਹ 23 ਫਰਵਰੀ ਨੂੰ ਵੀਸੀ ਨਾਲ ਇੱਕ ਵਰਚੁਅਲ ਮੀਟਿੰਗ ਕਰਨ ਵਾਲੇ ਹਨ। ਉਹ ਮੀਟਿੰਗ ਵਿੱਚ ਵੀ.ਸੀ. ਦੇ ਸਾਹਮਣੇ ਆਪਣੀ ਮੰਗ ਰੱਖਣਗੇ । ਇਸ ਤੋਂ ਬਾਅਦ ਜੇਕਰ ਕੋਈ ਹੱਲ ਨਾ ਨਿਕਲਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।