ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀ ਬਾਇਓਤਕਨਾਲੋਜੀ ਸਕੂਲ ਵਿਚ ਪੀਐੱਚ.ਡੀ ਦੇ ਖੋਜਾਰਥੀ ਸ੍ਰੀ ਭਾਮਰੇ ਦੀਪਕ ਪ੍ਰਸ਼ਾਂਤ ਨੂੰ ਉਨ੍ਹਾਂ ਦੀ ਅਗਲੇਰੀ ਖੋਜ ਲਈ ਬੇਅਰ ਫੈਲੋਸ਼ਿਪ-ਮੇਧਾ ਹਾਸਿਲ ਹੋਈ ਹੈ। ਬੇਅਰ ਦੀ ਇਸ ਫੈਲੋਸ਼ਿਪ ਵਿਚ 40,000 ਪ੍ਰਤੀ ਮਹੀਨਾ ਦੀ ਰਾਸ਼ੀ ਤਿੰਨ ਸਾਲਾਂ ਦੀ ਮਿਆਦ ਲਈ ਖੋਜਾਰਥੀ ਨੂੰ ਮਿਲੇਗੀ।
ਆਪਣੀ ਪੀ.ਐੱਚ.ਡੀ. ਦੌਰਾਨ ਸ਼੍ਰੀ ਦੀਪਕ ਨਵੀਂ ਤਕਨੀਕ ਜੀਨੋਮ ਐਡੀਟਿੰਗ ਅਤੇ ਜੰਗਲੀ ਮੱਕੀ ਦੇ ਜੀਨ ਸੰਬੰਧਾਂ ਦੀ ਵਰਤੋਂ ਕਰਦੇ ਹੋਏ ਬੈਂਡਡ ਲੀਫ ਅਤੇ ਸੀਥ ਬਲਾਈਟ ਪ੍ਰਤੀ ਰੋਧਕ ਮੱਕੀ ਦੀਆਂ ਨਸਲਾਂ ਨੂੰ ਵਿਕਸਤ ਕਰਨ ‘ਤੇ ਕੰਮ ਕਰਨਗੇ। ਮੱਕੀ ਉਤਪਾਦਕਾਂ ਲਈ ਇਹ ਰੋਗ ਇੱਕ ਵੱਡੀ ਚੁਣੌਤੀ ਹੈ ਅਤੇ ਇਸ ਖੇਤਰ ਵਿਚ ਢੁਕਵੀਂ ਤਕਨੀਕ ਦੀ ਅਜੇ ਅਣਹੋਂਦ ਹੈ । ਜੈਨੇਟਿਕ ਪ੍ਰਤੀਰੋਧ ਦੀ ਵਰਤੋਂ ਕਰਕੇ ਬਿਮਾਰੀਆਂ ਦੀ ਰੋਕਥਾਮ ਦੀ ਤਕਨੀਕ ਰਾਹੀਂ ਜੰਗਲੀ ਜਰਮਪਲਾਜ਼ਮ ਜਾਂ ਜੀਨੋਮ ਸੰਪਾਦਨ ਦੁਆਰਾ ਰੋਗ ਰੋਧਕ ਮੱਕੀ ਦੇ ਹਾਈਬ੍ਰਿਡ ਦੇ ਵਿਕਾਸ ਦੀ ਤੁਰੰਤ ਲੋੜ ਹੈ।