ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸਨ ਐਨਰਜ਼ੀ ਪਾਵਰ ਇੰਜਨੀਅੀਰੰਗ ਕਾਰਪੋਰੇਸ਼ਨ, ਫਰੀਦ ਨਗਰ, ਨਾਨਕਨਿਆਣਾ ਰੋਡ ਨੇੜੇ ਸੀ ਐੱਲ ਟਾਵਰ, ਸੰਗਰੂਰ ਨਾਲ ਪੀ.ਏ.ਯੂ. ਪੱਕੇ ਗੁੰਬਦ ਜਨਤਾ ਮਾਡਲ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ । ਇਸ ਮਾਡਲ ਦੇ ਬਾਇਓਗੈਸ ਪਲਾਂਟ ਦੀ ਰੋਜ਼ਾਨਾ ਗੈਸ ਪੈਦਾ ਕਰਨ ਦੀ ਸਮਰਥਾ 25 ਘਣਮੀਟਰ ਤੋਂ ਲੈ ਕੇ 500 ਘਣਮੀਟਰ ਰੋਜ਼ਾਨਾ ਤੱਕ ਹੈ ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਅਤੇ ਸੰਬੰਧਿਤ ਫਰਮ ਨੇ ਸਮਝੌਤੇ ਦੀਆਂ ਸ਼ਰਤਾਂ ਤੇ ਹਸਤਾਖਰ ਕੀਤੇ। ਇਸ ਸਮਝੌਤੇ ਅਨੁਸਾਰ ਯੂਨੀਵਰਸਿਟੀ ਵੱਲੋਂ ਵਿਕਸਿਤ ਇਸ ਮਾਡਲ ਦੇ ਵਪਾਰੀਕਰਨ ਦੇ ਅਧਿਕਾਰ ਸੰਬੰਧਿਤ ਫਰਮ ਕੋਲ ਹੋਣਗੇ । ਇਸ ਮਾਡਲ ਵਿੱਚ ਪਸ਼ੂਆਂ ਦੀ ਰਹਿੰਦ-ਖੂੰਹਦ (ਗਊਆਂ ਦਾ ਗੋਹਾ, ਮੁਰਗੀਆਂ ਦੀਆਂ ਵਿੱਠਾਂ ਆਦਿ) ਨੂੰ ਬਾਲਣ ਦੇ ਨਾਲ-ਨਾਲ ਬਿਜਲੀ ਉਤਪਾਦਨ ਲਈ ਬਾਇਓਗੈਸ ਦੇ ਉਤਪਾਦਨ ਲਈ ਵਰਤਿਆ ਜਾ ਸਕਦਾ ਹੈ।