Connect with us

ਪੰਜਾਬੀ

ਪੀ.ਏ.ਯੂ. ਦੇ ਪ੍ਰਸਿੱਧ ਸਬਜ਼ੀ ਵਿਗਿਆਨੀ ਸ਼੍ਰੀ ਬੂਟਾ ਸਿੰਘ ਰੋਮਾਣਾ ਹੋਏ ਸੇਵਾ-ਮੁਕਤ

Published

on

PAU Renowned Vegetable Scientist Shri Buta Singh Romana has retired

ਸ਼ਾਨਦਾਰ 32 ਸਾਲ ਦੀ ਸੇਵਾ ਤੋਂ ਬਾਅਦ ਪ੍ਰਸਿੱਧ ਸਬਜ਼ੀ ਪਸਾਰ ਵਿਗਿਆਨੀ ਸ਼੍ਰੀ ਬੂਟਾ ਸਿੰਘ ਰੋਮਾਣਾ ਸੇਵਾ ਮੁਕਤ ਹੋ ਗਏ| ਸਬਜ਼ੀ ਵਿਗਿਆਨ ਵਿਭਾਗ ਨੇ ਉਹਨਾਂ ਦੇ ਮਾਣ ਵਿਚ ਇਕ ਸਮਾਰੋਹ ਆਯੋਜਿਤ ਕੀਤਾ ਜਿਸ ਵਿਚ ਸ਼੍ਰੀ ਰੋਮਾਣਾ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਗਈ| ਸ਼੍ਰੀ ਬੂਟਾ ਸਿੰਘ ਰੋਮਾਣਾ ਨੇ ਪੰਜਾਬ ਵਿਚ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਸ਼ਾਨਦਾਰ ਭੂਮਿਕਾ ਨਿਭਾਈ |

ਸ਼੍ਰੀ ਬੂਟਾ ਸਿੰਘ ਰੋਮਾਣਾ ਵੱਖ-ਵੱਖ ਏਜੰਸੀਆਂ ਅਤੇ ਸੰਸਥਾਵਾਂ ਲਈ ਵੀ ਕਾਰਜ ਕਰਦੇ ਰਹੇ | ਇਹਨਾਂ ਵਿਚ ਉਹਨਾਂ ਵੱਲੋਂ 1995 ਤੋਂ 2001 ਤੱਕ ਪੈਪਸੀ ਫੂਡ ਲਿਮਿਟਡ, 2007 ਤੋਂ 2016 ਤੱਕ ਪੰਜਾਬ ਰਾਜ ਕਿਸਾਨ ਕਮਿਸ਼ਨ ਮੋਹਾਲੀ ਅਤੇ 2022-23 ਵਿੱਚ ਪੰਜਾਬ ਰਾਜ ਬੀਜ ਕਾਰਪੋਰੇਸ਼ਨ ਲਈ ਕੀਤਾ ਗਿਆ ਕੰਮ ਜ਼ਿਕਰਯੋਗ ਹੈ| ਇਸ ਦੌਰਾਨ ਉਹਨਾਂ ਨੂੰ ਮਲੇਰਕੋਟਲਾ ਖੇਤਰ ਵਿਚ ਸਬਜ਼ੀਆਂ ਦੇ ਨਿਰੀਖਣ ਦੀ ਜ਼ਿੰਮੇਵਾਰੀ ਦਿੱਤੀ ਗਈ|

ਸ਼੍ਰੀ ਰੋਮਾਣਾ ਦੀ ਸੇਵਾ-ਮੁਕਤੀ ਵੇਲੇ ਬੋਲਦਿਆਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਉਹਨਾਂ ਨੇ ਕਿਸਾਨਾਂ ਦੀ ਭਲਾਈ ਲਈ ਬਿਹਤਰੀਨ ਸੇਵਾ ਨਿਭਾਈ ਹੈ| ਉਹਨਾਂ ਦੀ ਸੇਵਾ-ਮੁਕਤੀ ਨਾਲ ਖਾਲੀ ਹੋਏ ਸਥਾਨ ਨੂੰ ਭਰਨਾ ਵੰਗਾਰ ਦਾ ਕੰਮ ਹੈ| ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਸ਼੍ਰੀ ਰੋਮਾਣਾ ਵੱਲੋਂ ਵਿਸ਼ੇਸ਼ ਤੌਰ ਤੇ ਸੰਗਰੂਰ ਜ਼ਿਲ੍ਹੇ ਵਿਚ ਕੀਤੀਆਂ ਪਸਾਰ ਸੇਵਾਵਾਂ ਦੀ ਸ਼ਲਾਘਾ ਕੀਤੀ |

ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਨੇ ਸ਼ਾਨਦਾਰ ਸੇਵਾ ਕਰਨ ਤੋਂ ਬਾਅਦ ਸਫਲਤਾ ਨਾਲ ਰਿਟਾਇਰ ਹੋਣ ਵਾਲੇ ਸ਼੍ਰੀ ਰੋਮਾਣਾ ਦੀ ਲੰਮੀ ਉਮਰ ਅਤੇ ਸਿਹਤਯਾਬੀ ਦੀ ਕਾਮਨਾ ਕੀਤੀ| ਉਹਨਾਂ ਕਿਹਾ ਕਿ ਸ਼੍ਰੀ ਰੋਮਾਣਾ ਭਵਿੱਖ ਵਿਚ ਵੀ ਵਿਭਾਗ ਨਾਲ ਜੁੜੇ ਰਹਿਣਗੇ| ਇਸ ਸਮਾਗਮ ਦਾ ਸੰਚਾਲਨ ਡਾ. ਨੀਨਾ ਚਾਵਲਾ ਨੇ ਕੀਤਾ | ਇਸ ਮੌਕੇ ਪੰਜਾਬ ਦੇ ਅਗਾਂਹਵਧੂ ਸਬਜ਼ੀ ਉਤਪਾਦਕਾਂ ਤੋਂ ਬਿਨਾਂ ਖੇਤੀਬਾੜੀ ਮੰਤਰੀ ਦੇ ਵਿਸ਼ੇਸ਼ ਅਧਿਕਾਰੀ ਡਾ. ਦਵਿੰਦਰ ਤਿਵਾੜੀ ਵੀ ਮੌਜੂਦ ਸਨ|

Facebook Comments

Trending