ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਡੀਨ ਖੇਤੀਬਾੜੀ ਕਾਲਜ ਦੀ ਅਗਵਾਈ ਹੇਠ “ਪੇਂਡੂ ਖੇਤੀਬਾੜੀ ਕਾਰਜ ਅਨੁਭਵ ਪ੍ਰੋਗਰਾਮ“ ਸ਼ੁਰੂ ਕੀਤਾ ਜਿਸ ਵਿੱਚ 239 ਵਿਦਿਆਰਥੀਆਂ ਨੇ ਆਪਣਾ ਨਾਮ ਦਰਜ਼ ਕਰਵਾਇਆ ਅਤੇ ਕੋਰਸ ਵਿੱਚ ਭਾਗ ਲਿਆ। ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਕੋਰਸ ਬਾਰੇ ਜਾਣੂ ਕਰਵਾਇਆ ਅਤੇ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਤੋਂ ਤਜਰਬੇ ਸਿੱਖਣ ਲਈ ਪ੍ਰੇਰਿਤ ਕੀਤਾ।
ਸੈਸ਼ਨ ਦੌਰਾਨ ਮਿੱਟੀ ਅਤੇ ਪਾਣੀ ਦੀ ਪਰਖ ਦੀ ਮਹੱਤਤਾ ਅਤੇ ਵਿਧੀ, ਹਾੜ੍ਹੀ ਦੀਆਂ ਫਸਲਾਂ ਲਈ ਕਾਸ਼ਤ ਦੇ ਤਰੀਕੇ, ਜਲਵਾਯੂ ਤਬਦੀਲੀ ਅਤੇ ਫਸਲਾਂ ’ਤੇ ਪ੍ਰਭਾਵ ਅਤੇ ਲੇਖ ਅਤੇ ਸਫਲਤਾ ਦੀਆਂ ਕਹਾਣੀਆਂ ਲਿਖਣ ਦੇ ਹੁਨਰ ਬਾਰੇ ਵੱਖ-ਵੱਖ ਭਾਸ਼ਣ ਦਿੱਤੇ ਗਏ। ਡਾ. ਲਖਵਿੰਦਰ ਕੌਰ ਨੇ ਸੈਸ਼ਨ ਲਈ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਪੀ.ਏ.ਯੂ. ਵੱਲੋਂ ਪੇਂਡੂ ਭਾਈਚਾਰੇ ਦੀ ਮਦਦ ਲਈ ਵਿਕਸਤ ਕੀਤੀਆਂ ਵੱਖ-ਵੱਖ ਐਪਾਂ ਬਾਰੇ ਜਾਣਕਾਰੀ ਦਿੱਤੀ।