ਲੁਧਿਆਣਾ : ਝੋਨੇ ਦੀ ਕਟਾਈ ਕਰਨ ਅਤੇ ਕਣਕ ਦੀ ਬਿਜਾਈ ਕਰਨ ਦੇ ਵਿਚਕਾਰ ਘੱਟ ਸਮਾਂ ਹੋਣ ਕਰਕੇ ਝੋਨੇ ਦੀ ਪਰਾਲੀ ਦਾ ਪ੍ਰਬੰਧ ਕਿਸਾਨਾਂ ਲਈ ਇੱਕ ਵੱਡੀ ਚੁਣੌਤੀ ਰਹਿੰਦੀ ਹੈ। ਪਰਾਲੀ ਦੀ ਸਾਂਭ ਸੰਭਾਲ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਵੀਂ ਤਕਨੀਕ ਵਿਕਸਤ ਕੀਤੀ ਹੈ ਜਿਸ ਨਾਲ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਇੱਕੋ ਸਮੇਂ ਕੀਤੀ ਜਾ ਸਕਦੀ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਤਕਨੀਕ ਵਿਚ ਕੰਬਾਈਨ ਦੇ ਨਾਲ਼ ਇੱਕ ਅਟੈਚਮੈਂਟ ਫਿਟ ਕੀਤੀ ਗਈ ਹੈ, ਜਿਸ ਨਾਲ਼ ਝੋਨੇ ਦੀ ਕਟਾਈ ਸਮੇਂ ਕਣਕ ਦਾ ਬੀਜ ਅਤੇ ਖਾਦ ਨਾਲੋਂ ਨਾਲ ਖੇਤ ਵਿੱਚ ਕੇਰੀ ਜਾਂਦੀ ਹੈ। ਬਾਅਦ ਵਿੱਚ ਖੇਤ ਵਿੱਚ ਤਿੰਨ ਚਾਰ ਇੰਚ ਉੱਚਾ ਛੱਡ ਕੇ ਇੱਕ ਵਾਰ ਕਟਰ –ਕਮ-ਸਪਰੈਡਰ ਮਾਰ ਦਿੱਤਾ ਜਾਂਦਾ ਹੈ ਅਤੇ ਪਾਣੀ ਲਗਾ ਦਿੱਤਾ ਜਾਂਦਾ ਹੈ। ਬਿਜਾਈ ਲਈ 45 ਕਿਲੋ ਸੋਧਿਆ ਹੋਇਆ ਬੀਜ ਅਤੇ 65 ਕਿਲੋ ਡੀ.ਏ.ਪੀ ਦੀ ਵਰਤੋਂ ਕੀਤੀ ਜਾਂਦੀ ਹੈ।
ਜੇਕਰ ਕੰਬਾਈਨ ਅਟੈਚਮੈਂਟ ਫਿੱਟ ਨਾ ਕੀਤੀ ਹੋਵੇ ਤਾਂ ਝੋਨੇ ਦੀ ਕਟਾਈ ਦੇ ਬਾਅਦ ਕਣਕ ਦਾ ਬੀਜ ਅਤੇ ਡੀ.ਏ.ਪੀ ਖਾਦ ਦਾ ਹੱਥੀ ਇਕਸਾਰ ਛੱਟਾ ਮਾਰ ਕੇ ਬਾਅਦ ਵਿੱਚ ਕਟਰ ਚਲਾ ਕੇ ਪਾਣੀ ਲਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਢੰਗ ਨਾਲ ਬੀਜੀ ਕਣਕ ਦੇ ਰਵਾਇਤੀ ਢੰਗਾਂ ਨਾਲੋਂ ਕਾਫੀ ਫਾਇਦੇ ਹਨ। ਜਿਵੇਂ ਕਿ ਇੱਕ ਏਕੜ ਵਿੱਚ ਪਰਾਲੀ ਸਾਂਭਨ ਅਤੇ ਬਿਜਾਈ ਕਰਨ ਤੇ ਸਿਰਫ 650 ਰੁਪਏ ਖਰਚ ਆਉਦਾ ਹੈ ਜੋ ਕਿ ਰਵਾਇਤੀ ਢੰਗ ਤਰੀਕਿਆਂ ਨਾਲੋਂ 3-4 ਗੁਣਾਂ ਸਸਤਾ ਹੈ।