ਲੁਧਿਆਣਾ : ਪੀ.ਏ.ਯੂ. ਦੇ ਕਮਿਊਨਿਟੀ ਸਾਇੰਸ ਕਾਲਜ ਨੇ ਇੱਕ ਕਲਾ ਪ੍ਰਦਰਸਨੀ ਦਾ ਆਯੋਜਨ ਕੀਤਾ| ਇਹ ਪ੍ਰਦਰਸ਼ਨੀ 24 ਜੁਲਾਈ ਤੱਕ ਜਾਰੀ ਰਹੇਗੀ . ਇਸ ਪ੍ਰਦਰਸ਼ਨੀ ਵਿੱਚ ਵਿਭਾਗ ਦੇ ਚੋਣਵੇਂ ਵਿਦਿਆਰਥੀਆਂ ਨੇ ਆਪਣੀਆਂ ਕਲਾਕ੍ਰਿਤਾਂ ਦੇ ਪ੍ਰਦਰਸ਼ਨ ਦਾ ਉੱਦਮ ਕੀਤਾ ਹੈ | ਇਹਨਾਂ ਕਲਾ ਰੂਪਾਂ ਵਿੱਚ ਮੰਡਲਾ ਆਰਟ, ਅਲਕੋਹਲ ਪੇਂਟਿੰਗ, ਲਿਪਨ ਆਰਟ, ਰੇਜ਼ਿਨ ਆਰਟ ਅਤੇ ਹੋਰ ਬਹੁਤ ਸਾਰੀਆਂ ਕਲਾ ਰਚਨਾਵਾਂ ਦੀ ਪ੍ਰਦਰਸਨੀ ਲਗਾਈ ਗਈ ਹੈ |

ਇਸ ਸਮਾਗਮ ਦੇ ਪ੍ਰਬੰਧਕ ਡਾ. ਸ਼ਿਵਾਨੀ ਰਾਣਾ ਨੇ ਮੁੱਖ ਮਹਿਮਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਦਾ ਸਵਾਗਤ ਕੀਤਾ| ਡਾ. ਜੌੜਾ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਕਲਾਕ੍ਰਿਤਾਂ ਦੀ ਸ਼ਲਾਘਾ ਕੀਤੀ ਅਤੇ ਇਹਨਾਂ ਵਿਦਿਆਰਥੀਆਂ ਦੇ ਕਾਰਜ ਨੂੰ ਉਤਸ਼ਾਹ ਅਤੇ ਹੌਂਸਲਾ ਦੇਣ ਲਈ ਯੂਨੀਵਰਸਿਟੀ ਦੀ ਫੈਕਲਟੀ ਅਤੇ ਕਰਮਚਾਰੀਆਂ ਨੂੰ ਪ੍ਰਦਰਸ਼ਨੀ ਵਿੱਚ ਆਉਣ ਦਾ ਸੱਦਾ ਦਿੱਤਾ |

ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਵਿਦਿਆਰਥੀਆਂ ਨੂੰ ਚੰਗੇ ਕੰਮ ਨੂੰ ਜਾਰੀ ਰੱਖਣ ਅਤੇ ਸਿਲੇਬਸ ਦੇ ਨਾਲ-ਨਾਲ ਕਲਾਤਮਕ ਗਤੀਵਿਧੀਆਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ|ਡਾ. ਸਰਨਬੀਰ ਕੌਰ ਬੱਲ, ਸ੍ਰੀਮਤੀ ਆਂਚਲ ਗੁਪਤਾ ਅਤੇ ਸ੍ਰੀ ਸਤਵੀਰ ਸਿੰਘ ਵੀ ਇਸ ਮੌਕੇ ਹਾਜ਼ਰ ਸਨ|
ਵਿਭਾਗ ਦੇ ਮੁਖੀ ਡਾ. ਦੀਪਿਕਾ ਵਿੱਗ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਉਨ੍ਹਾਂ ਦੀ ਹਾਜਰੀ ਅਤੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ|