ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਨੇ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਲਿੱਤਰ ਵਿਖੇ ਵਿਸ਼ੇਸ਼ ਤੌਰ `ਤੇ ਅਨੁਸੂਚਿਤ ਜਾਤੀਆਂ ਲਈ ਇੱਕ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਸਕੀਮ ਤਹਿਤ ਪੰਜ ਦਿਨਾਂ ‘ਮਧੂ ਮੱਖੀ ਪਾਲਣ ਸਿਖਲਾਈ ਕੋਰਸ’ ਦਾ ਆਯੋਜਨ ਕੀਤਾ ਗਿਆ।
ਕੋਰਸ ਦੇ ਡਾਇਰੈਕਟਰ ਅਤੇ ਕੀਟ ਵਿਗਿਆਨ ਦੇ ਪ੍ਰੋਫੈਸਰ ਡਾ. ਪਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਇਹ ਮੁੱਢਲਾ ਮਧੂ ਮੱਖੀ ਪਾਲਣ ਸਿਖਲਾਈ ਕੋਰਸ ਰਾਜ ਦੇ ਗਰੀਬ ਅਤੇ ਬੇਰੋਜ਼ਗਾਰ ਦਿਹਾਤੀ ਲੋਕਾਂ ਨੂੰ ਸਵੈ-ਰੁਜ਼ਗਾਰ ਦਾ ਇੱਕ ਸਰੋਤ ਪ੍ਰਦਾਨ ਕਰਨ ਦਾ ਯਤਨ ਹੈ ਜਿਸ ਨਾਲ ਉਹ ਆਪਣੇ ਸਮਾਜਿਕ ਕੰਮਾਂ ਲਈ ਇੱਕ ਵਧੀਆ ਰੋਜ਼ੀ ਰੋਟੀ ਕਮਾਉਣ ਦੇ ਯੋਗ ਬਣਦੇ ਸਨ। ਇਸ ਤੋਂ ਇਲਾਵਾ ਇਹ ਸਿਖਲਾਈ ਕੋਰਸ ਸਿਖਿਆਰਥੀਆਂ ਦੇ ਆਪਣੇ ਕੀਮਤੀ ਸਮੇਂ ਨੂੰ ਬਚਾਉਣ ਲਈ ਸਿਖਿਆਰਥੀਆਂ ਦੇ ਪਿੰਡ ਵਿਚ ਹੀ ਕਰਵਾਇਆ ਗਿਆ ।
ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਦਰਸ਼ਨ ਕੁਮਾਰ ਸ਼ਰਮਾ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਕਿ ਇਸ ਕੋਰਸ ਵਿੱਚ ਸਿਖਿਆਰਥੀਆਂ ਨੂੰ ਲੈਕਚਰ, ਪ੍ਰਦਰਸ਼ਨਾਂ ਅਤੇ ਹੱਥੀਂ ਅਭਿਆਸ ਅਤੇ ਮਧੂ ਮੱਖੀ ਪਾਲਣ ਦੇ ਸਾਜ਼ੋ ਸਾਮਾਨ, ਮੌਸਮੀ ਮਧੂ ਮੱਖੀ ਪਾਲਣ ਦੇ ਅਭਿਆਸ, ਮਧੂ ਮੱਖੀ ਦੇ ਦੁਸ਼ਮਣ ਕੀੜਿਆਂ ਅਤੇ ਬਿਮਾਰੀਆਂ ਦਾ ਪ੍ਰਬੰਧਨ, ਸ਼ਹਿਦ ਦੀਆਂ ਮੱਖੀਆਂ ਵਿੱਚ ਝੁੰਡ, ਲੁੱਟ ਅਤੇ ਰਾਣੀ ਰਹਿਤ ਸਮੱਸਿਆਵਾਂ ਦਾ ਵਿਹਾਰਕ ਗਿਆਨ ਦਿੱਤਾ ਗਿਆ।