Connect with us

ਖੇਤੀਬਾੜੀ

ਪੀ.ਏ.ਯੂ. ਦੇ ਕਿਸਾਨ ਮੇਲੇ ਮੌਕੇ ਫ਼ਸਲਾਂ ਅਤੇ ਖੇਤ ਮਸ਼ੀਨਰੀ ਦੇ ਕਰਵਾਏ ਮੁਕਾਬਲੇ 

Published

on

PAU Competitions of crops and farm machinery were held on the occasion of Kisan Mela

ਲੁਧਿਆਣਾ :  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਦੋ ਰੋਜ਼ਾ ਕਿਸਾਨ ਮੇਲੇ ਦੌਰਾਨ ਵੱਖ-ਵੱਖ ਫ਼ਸਲਾਂ ਅਤੇ ਖੇਤ ਮਸ਼ੀਨਰੀ ਦੇ ਮੁਕਾਬਲੇ ਹੋਏ । ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਲੁਧਿਆਣਾ ਪੱਛਮੀ ਦੇ ਵਿਧਾਇਕ ਸ਼੍ਰੀ ਗੁਰਪ੍ਰੀਤ ਗੋਗੀ ਬੱਸੀ ਅਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਮੇਤ ਸਮੁੱਚੇ ਪ੍ਰਧਾਨਗੀ ਮੰਡਲ ਨੇ ਇਹਨਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ ।

ਇਹਨਾਂ ਮੁਕਾਬਲਿਆਂ ਵਿੱਚ ਤੋਰੀ ਦੇ ਵਰਗ ਵਿੱਚ ਜ਼ਿਲਾ ਬਠਿੰਡਾ ਦੇ ਪਿੰਡ ਲਹਿਰਾਬੇਗਾ ਦੇ ਜਸਪਾਲ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ । ਭਿੰਡੀ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪਿੰਡ ਜਲਬੇਰੀ ਦੇ ਪਰਮਜੀਤ ਸਿੰਘ ਨੂੰ, ਬੈਂਗਣਾਂ ਦੇ ਮੁਕਾਬਲੇ ਵਿੱਚ ਸਦੌੜ ਦੇ ਬੂਟਾ ਸਿੰਘ ਨੂੰ ਅਤੇ ਲਸਣ ਮੁਕਾਬਲਿਆਂ ਵਿੱਚ ਲਾਲਿਆਣਾ ਪਿੰਡ ਦੇ ਉਡੀਕਵਾਨ ਸਿੰਘ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ।

ਪਿਆਜ਼ ਮੁਕਾਬਲ਼ਿਆਂ ਵਿੱਚ ਪਿੰਡ ਸਦੌੜ ਦੇ ਤੀਰਥ ਸਿੰਘ ਨੂੰ ਪਹਿਲਾ, ਘੀਆ ਮੁਕਾਬਲੇ ਵਿੱਚ ਢਿੱਲਵਾਂ ਦੇ ਸੁਖਵਿੰਦਰ ਸਿੰਘ ਨੂੰ ਪਹਿਲਾ, ਲੋਬੀਆ ਦੇ ਮੁਕਾਬਲੇ ਵਿੱਚ ਪਿੰਡ ਰਾਮੇਆਣਾ ਦੇ ਜਿੱਕੀ ਸਿੰਘ ਨੂੰ, ਅਰਬੀ ਮੁਕਾਬਲੇ ਵਿੱਚ ਲਾਲੇਆਣਾ ਦੇ ਉਡੀਕਵਾਨ ਸਿੰਘ ਨੂੰ ਅਤੇ ਝਾੜ ਕਰੇਲੇ ਦੇ ਮੁਕਾਬਲੇ ਵਿੱਚ ਢਿੱਲਵਾਂ ਦੇ ਦਲੀਪ ਸਿੰਘ ਨੂੰ ਪਹਿਲਾ ਸਥਾਨ ਹਾਸਲ ਹੋਇਆ । ਇਸੇ ਤਰਾਂ ਮਿਰਚਾਂ ਦੇ ਮੁਕਾਬਲੇ ਵਿੱਚ ਪਿੰਡ ਡੱਲਾ ਗੁਰਾਇਆ ਦੇ ਨਰਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ।

ਫ਼ਸਲਾਂ ਦੇ ਮੁਕਾਬਲਿਆਂ ਵਿੱਚ ਨਰਮੇ ਵਿੱਚ ਪਹਿਲਾ ਸਥਾਨ ਪਿੰਡ ਪੱਟੀ ਸਦੀਕ ਦੇ ਗੁਰਪ੍ਰੀਤ ਸਿੰਘ ਨੂੰ ਮਿਲਿਆ । ਕਮਾਦ ਦੇ ਮੁਕਾਬਲੇ ਵਿੱਚ ਸਿੰਘਪੁਰ ਪਿੰਡ ਦੇ ਸਰਬਜੀਤ ਸਿੰਘ ਜੇਤੂ ਰਹੇ । ਫ਼ਲਾਂ ਵਿੱਚੋਂ ਚਕੌਤਰਾ ਦੇ ਮੁਕਾਬਲੇ ਵਿੱਚ ਪਹਿਲਾ ਇਨਾਮ ਪੰਡੋਰੀ ਅਰਾਈਆ ਦੇ ਬਲਰਾਜ ਸਿੰਘ ਨੇ ਹਾਸਲ ਕੀਤਾ । ਨਿੰਬੂ ਦੇ ਮੁਕਾਬਲਿਆਂ ਵਿੱਚ ਪਿੰਡ ਨਾਗਰਾ ਦੇ ਕੁਲਵਿੰਦਰ ਸਿੰਘ ਨੂੰ ਪਹਿਲਾ ਸਥਾਨ ਮਿਲਿਆ । ਪਪੀਤੇ ਦੇ ਮੁਕਾਬਲੇ ਵਿੱਚ ਰਮਨਪ੍ਰੀਤ ਸਿੰਘ ਜੇਤੂ ਰਹੇ । ਆਂਮਲਾ ਦੇ ਮੁਕਾਬਲੇ ਵਿੱਚ ਪਿੰਡ ਨਾਗਰਾ ਦੇ ਕੁਲਵਿੰਦਰ ਸਿੰਘ ਅਤੇ ਮਾਲਟਾ ਦੇ ਮੁਕਾਬਲਿਆਂ ਵਿੱਚ ਪਿੰਡ ਔਲਖ ਦੇ ਸਤਨਾਮ ਸਿੰਘ ਜੇਤੂ ਰਹੇ ।

ਇਸੇ ਤਰਾਂ ਮਸ਼ੀਨਰੀ ਦੇ ਮੁਕਾਬਲਿਆਂ ਵਿੱਚ ਟਰੈਕਟਰ, ਕੰਬਾਈਨ ਅਤੇ ਰੀਪਰ ਮੁਕਾਬਲ਼ਿਆਂ ਵਿੱਚ ਪਹਿਲਾ ਇਨਾਮ ਮਹਿੰਦਰਾ ਐਂਡ ਮਹਿੰਦਰਾ ਨੂੰ ਪ੍ਰਾਪਤ ਹੋਇਆ । ਟਰੈਕਟਰ ਦੇ ਸੰਦਾਂ ਦੇ ਮੁਕਾਬਲੇ ਵਿੱਚ ਪਹਿਲਾ ਇਨਾਮ ਜਗਤਜੀਤ ਗੁਰੱਪ ਨੂੰ, ਬਿਜਲੀ ਦੀਆਂ ਮੋਟਰਾਂ ਅਤੇ ਪੰਪ ਸੈੱਟਾਂ ਦੇ ਮੁਕਾਬਲੇ ਵਿੱਚ ਰਾਜਾ ਇੰਟਰਪ੍ਰਾਈਜ਼ਜ਼ ਪਹਿਲੇ ਸਥਾਨ ਤੇ ਰਹੇ । ਪਾਣੀ ਬਚਾਉਣ ਵਾਲੀਆਂ ਮਸ਼ੀਨਾਂ ਅਤੇ ਸੰਦਾਂ ਦੇ ਮੁਕਾਬਲੇ ਵਿੱਚ ਮੈਸਰਜ਼ ਜੈਨ ਇਰੀਗੇਸ਼ਨ ਨੂੰ ਪਹਿਲਾ ਸਥਾਨ ਮਿਲਿਆ ।

ਇਸ ਤੋਂ ਬਿਨਾਂ ਖਾਦਾਂ, ਕੀਟ ਨਾਸ਼ਕਾਂ ਅਤੇ ਖੇਤੀ ਪ੍ਰੋਸੈਸਿੰਗ ਮਸ਼ੀਨਰੀ ਮੁਕਾਬਲ਼ਿਆਂ ਵਿੱਚ ਕ੍ਰਮਵਾਰ ਇਫਕੋ, ਬੇਅਰਕਰੋਪ ਸਾਇੰਸਜ਼ ਅਤੇ ਕੇ ਸੀ ਮਾਰਕੀਟਿੰਗ ਕੰਪਨੀ ਪਹਿਲੇ ਸਥਾਨ ਤੇ ਰਹੇ । ਖੇਤੀ ਕਾਰੋਬਾਰੀਆਂ ਵਿੱਚੋਂ ਪਹਿਲਾ ਸਥਾਨ ਪਰਮਜੀਤ ਸਿੰਘ ਅਤੇ ਦੂਸਰਾ ਸਥਾਨ ਸ੍ਰੀਮਤੀ ਜਸਪ੍ਰੀਤ ਕੌਰ ਔਜਲਾ ਨੂੰ ਪ੍ਰਾਪਤ ਹੋਇਆ ।

ਪੀ.ਏ.ਯੂ ਵੱਲੋਂ ਲਾਈਆਂ ਸਟਾਲਾਂ ਵਿੱਚੋਂ ਪੌਦਾ ਰੋਗ ਵਿਗਿਆਨ ਦੀ ਸਟਾਲ ਨੂੰ ਸਭ ਤੋਂ ਵਧੀਆ ਮੰਨਿਆ ਗਿਆ ਜਦਕਿ ਖੇਤ ਪ੍ਰਦਰਸ਼ਨੀਆਂ ਵਿੱਚ ਜੈਵਿਕ ਖੇਤੀ ਸਕੂਲ ਦੀ ਪ੍ਰਦਰਸ਼ਨੀ ਸ੍ਰੇਸ਼ਟ ਗਿਣੀ ਗਈ । ਨੌਜਵਾਨ ਕਿਸਾਨ ਸੰਸਥਾਵਾਂ ਦੇ ਮੁਕਾਬਲੇ ਵਿੱਚ ਕਿਸਾਨ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਪਹਿਲੇ ਸਥਾਨ ਤੇ ਰਹੇ । ਇਹਨਾਂ ਜੇਤੂਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨਾਂ ਨਾਲ ਸਨਮਾਨਿਆ ਗਿਆ । ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲਿਆਂ ਨੂੰ ਹੋਰ ਮਿਹਨਤ ਕਰਨ ਲਈ ਕਿਹਾ ।

Facebook Comments

Trending