ਲੁਧਿਆਣਾ : ਆਸਟਰੇਲੀਅਨ ਸੈਂਟਰ ਫਾਰ ਇੰਟਰਨੈਸਨਲ ਐਗਰੀਕਲਚਰਲ ਰਿਸਰਚ ਦੇ ਮੁੱਖ ਕਾਰਜਕਾਰੀ ਅਫਸਰ ਡਾ. ਐਂਡਰਿਊ ਕੈਂਪਬੈਲ ਨੇ ਦੱਖਣੀ ਏਸ਼ੀਆ ਵਿੱਚ ਆਸਟਰੇਲੀਅਨ ਕੇਂਦਰ ਦੇ ਖੇਤਰੀ ਪ੍ਰਬੰਧਕ ਡਾ. ਪ੍ਰਤਿਭਾ ਸਿੰਘ ਨਾਲ ਬੀਤੇ ਦਿਨੀਂ ਪੀ.ਏ.ਯੂ. ਦਾ ਦੌਰਾ ਕੀਤਾ | ਇਸ ਮੌਕੇ ਉਹਨਾਂ ਨੇ ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ |
ਇਸ ਮੌਕੇ ਆਸਟਰੇਲੀਆ ਖੇਤੀ ਖੋਜ ਕੇਂਦਰ ਨਾਲ ਜੁੜੇ ਮਾਹਿਰਾਂ ਵੱਲੋਂ ਸਾਂਝੀਦਾਰ ਦੇਸ਼ਾਂ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਗੱਲ ਕਰਦਿਆਂ ਡਾ. ਕੈਂਪਬੈਲ ਨੇ ਕਿਹਾ ਕਿ ਆਸਟ੍ਰੇਲੀਆਈ ਖੇਤੀ ਚੁਣੌਤੀਪੂਰਨ ਮਾਹੌਲ ਵਿੱਚ ਬਾਹਰੀ ਸਬਸਿਡੀਆਂ ਤੋਂ ਬਿਨਾਂ ਸਿਰੇ ਚੜ੍ਹਦੀ ਹੈ | ਉਥੋ ਦੇ ਮਾਹਿਰਾਂ ਮੁਹਾਰਤ ਇਸ ਗੱਲ ਵਿੱਚ ਪਈ ਹੈ ਕਿ ਉਹ ਉਹਨਾਂ ਦੇਸ਼ਾਂ ਦੇ ਕਿਸਾਨਾਂ ਦੇ ਲਾਭ ਲਈ ਕੰਮ ਕਰਨ ਜੋ ਸੰਕਟ ਵਿੱਚ ਹਨ |
ਉਹਨਾਂ ਨੇ ਖੇਤੀ ਕਾਰੋਬਾਰ, ਪੌਣਪਾਣੀ ਦੀ ਤਬਦੀਲੀ, ਫਸਲਾਂ, ਮੱਛੀ ਪਾਲਣ, ਜੰਗਲਾਤ, ਬਾਗਬਾਨੀ, ਪਸ਼ੂ ਪਾਲਣ, ਸਮਾਜਿਕ ਢਾਂਚਾ, ਭੂਮੀ ਅਤੇ ਪਾਣੀ ਆਦਿ ਲਈ ਆਸਟਰੇਲੀਅਨ ਖੇਤੀ ਖੋਜ ਕੇਂਦਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕੀਤਾ | ਡਾ. ਕੈਂਪਬੈਲ ਨੇ ਭਾਰਤੀ ਮਹਾਂਦੀਪ ਦੇ ਖਿੱਤੇ ਵਿੱਚ ਭੋਜਨ ਸੁਰੱਖਿਆ, ਗਰੀਬੀ ਦੇ ਖਾਤਮੇ, ਸਥਿਰਤਾ ਵਿੱਚ ਵਾਧਾ, ਪੋਸ਼ਕਤਾ ਦਾ ਵਿਕਾਸ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਬਾਰੇ ਆਸਟਰੇਲੀਅਨ ਕੇਂਦਰ ਦੀ ਚਿੰਤਾ ਨੂੰ ਸਾਂਝਾ ਕੀਤੇ |
ਇਸ ਮੌਕੇ ਪੀ.ਏ.ਯੂ. ਵੱਲੋਂ ਹਾਸਲ ਕੀਤੀਆਂ ਸਫਲਤਾਵਾਂ ਦਾ ਵੇਰਵਾ ਦਿੰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਸ ਸੰਸਥਾ ਨੂੰ ਹਰੀ ਕ੍ਰਾਂਤੀ ਦੀ ਸਥਾਪਨਾ ਲਈ ਯਾਦ ਕੀਤਾ ਜਾਂਦਾ ਹੈ | ਨਾਲ ਹੀ ਪੀ.ਏ.ਯੂ. ਨੇ ਕਿਸਾਨਾਂ ਦੀ ਬਿਹਤਰੀ ਲਈ ਇਸ ਖਿੱਤੇ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਮਾਣ ਕਰਨ ਯੋਗ ਕਾਰਜ ਕੀਤਾ ਹੈ |
ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਉਹਨਾਂ ਤਕਨੀਕਾਂ ਦਾ ਵਿਕਾਸ ਕੀਤਾ ਜਿਨ੍ਹਾਂ ਨਾਲ ਨਾ ਸਿਰਫ ਖੇਤੀ ਉਤਪਾਦਨ ਵਿੱਚ ਵਾਧਾ ਹੋਇਆ ਬਲਕਿ ਇਹਨਾਂ ਤਕਨੀਕਾਂ ਦੇ ਪਸਾਰ ਨਾਲ ਕਿਸਾਨੀ ਸਮਾਜ ਦਾ ਜੀਵਨ ਪੱਧਰ ਬਿਹਤਰ ਹੋਇਆ | ਮੌਜੂਦਾ ਸਮੇਂ ਵਿੱਚ ਵਾਤਾਵਰਨ ਦੀ ਸੰਭਾਲ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਦੀ ਇੱਛਾ ਹੈ ਕਿ ਉਹ ਵਾਤਾਵਰਨ ਦੀਆਂ ਤਬਦੀਲੀਆਂ ਪ੍ਰਤੀ ਸਹਿਣਸ਼ੀਲ ਤਕਨੀਕਾਂ ਦੇ ਵਿਕਾਸ ਲਈ ਸਾਂਝੀਦਾਰੀ ਦਾ ਮਾਹੌਲ ਵਿਕਸਿਤ ਕਰੇ |