ਲੁਧਿਆਣਾ : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬਰਸਾਤ ਹੋਣ ਨਾਲ ਤਾਪਮਾਨ ’ਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਲੁਧਿਆਣਾ ’ਚ 28.2, ਫ਼ਿਰੋਜ਼ਪੁਰ, ਫਤਹਿਗੜ੍ਹ ਸਾਹਿਬ ਤੇ ਚੰਡੀਗੜ੍ਹ ’ਚ 25.9, ਸ੍ਰੀ ਮੁਕਤਸਰ ਸਾਹਿਬ ਤੇ ਅੰਮ੍ਰਿਤਸਰ ’ਚ 25.8, ਪਟਿਆਲੇ 26.2, ਫ਼ਰੀਦਕੋਟ ਤੇ ਬਠਿੰਡੇ 27.0, ਗੁਰਦਾਸਪੁਰ ’ਚ 25.5, ਬਰਨਾਲੇ 25.6, ਹੁਸ਼ਿਆਰਪੁਰ ’ਚ 23.7, ਜਲੰਧਰ ’ਚ 25.7 ਅਤੇ ਮੋਗੇ 26.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।
ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਵੀਰਵਾਰ ਲਈ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਪੰਜਾਬ ਦੇ ਕਈ ਇਲਾਕਿਆਂ ’ਚ ਮੀਂਹ ਪੈ ਸਕਦਾ ਹੈ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਬੁੱਧਵਾਰ ਨੂੰ ਲੁਧਿਆਣਾ ’ਚ 8 mm, ਅੰਮ੍ਰਿਤਸਰ 19 mm, ਚੰਡੀਗੜ੍ਹ 4.9 mm, ਜਲੰਧਰ 16.5 mm, ਫਤਹਿਗੜ੍ਹ ਸਾਹਿਬ 5.5 mm, ਗੁਰਦਾਸਪੁਰ 3 mm, ਮੋਗੇ 22 mm, ਪਟਿਆਲੇ 7 mm, ਫ਼ਿਰੋਜ਼ਪੁਰ 1.5 mm ਅਤੇ ਰੋਪੜ 10.5 mm ਮੀਂਹ ਰਿਕਾਰਡ ਕੀਤਾ ਗਿਆ।
ਮੌਸਮ ਵਿਭਾਗ ਦੀ ਮੰਨੀਏ ਤਾਂ ਇਸ ਵਾਰ ਪਹਿਲਾਂ ਹੀ ਪੈ ਰਹੇ ਮੀਂਹ ਕਾਰਨ ਮੌਨਸੂਨ ਦੇ ਕਮਜ਼ੋਰ ਹੋਣ ਦੇ ਆਸਾਰ ਬਣ ਰਹੇ ਹਨ, ਜਿਸ ਕਾਰਨ ਗਰਮੀ ’ਚ ਇਜ਼ਾਫ਼ਾ ਹੋ ਸਕਦਾ ਹੈ। ਸੂਤਰਾਂ ਅਨੁਸਾਰ 4 ਜੂਨ ਤੱਕ ਮੌਸਮ ਇਸੇ ਤਰ੍ਹਾਂ ਬਦਲੇ ਰਹਿਣ ਦੀ ਸੰਭਾਵਨਾ ਹੈ। PAU ਲੁਧਿਆਣਾ ਦੇ ਮੌਸਮ ਵਿਭਾਗ ਦੇ ਮੁਖੀ ਡਾ.ਪਵਨੀਤ ਕੌਰ ਕਿੰਗਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਈ ਵੀ ਫ਼ਸਲ ਮੌਸਮ ਨੂੰ ਧਿਆਨ ’ਚ ਰੱਖਦਿਆਂ ਹੀ ਬੀਜਣ ।