ਪਨਬੱਸ ਅਤੇ ਪੀ. ਆਰ. ਟੀ. ਸੀ. ਠੇਕਾ ਮੁਲਾਜ਼ਮ ਯੂਨੀਅਨ ਵੱਲੋਂ 20 ਸਤੰਬਰ ਤੋਂ ਹੋਣ ਵਾਲੀ ਹੜਤਾਲ ਅਤੇ ਬੱਸਾਂ ਦੇ ਚੱਕਾ ਜਾਮ ਸਬੰਧੀ ਰੂਪ-ਰੇਖਾ ਤਿਆਰ ਕੀਤੀ ਗਈ। ਪ੍ਰਦੇਸ਼ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਹੜਤਾਲ ਦੌਰਾਨ 20 ਸਤੰਬਰ ਨੂੰ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਚੱਕਾ ਜਾਮ ਕੀਤਾ ਜਾਣਾ ਸੀ ਪਰ ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦੇ ਕੇ ਹੜਤਾਲ ਰੁਕਵਾ ਦਿੱਤੀ ਗਈ ਅਤੇ ਤੈਅ ਸਮੇਂ ’ਤੇ ਮੀਟਿੰਗ ਨਹੀਂ ਕਰਵਾਈ ਗਈ।
ਇਸ ਦੇ ਮੱਦੇਨਜ਼ਰ 20 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਰੋਡਵੇਜ਼, ਪਨਬੱਸ, ਪੀ. ਆਰ. ਟੀ. ਸੀ. ਦੀਆਂ ਬੱਸਾਂ ਬੰਦ ਰਹਿਣਗੀਆ। ਆਗੂਆਂ ਨੇ ਕਿਹਾ ਕਿ ਸਖ਼ਤ ਸੰਘਰਸ਼ ਕਰ ਕੇ ਯੂਨੀਅਨ ਨੇ 5 ਫ਼ੀਸਦੀ ਤਨਖ਼ਾਹ ਵਧਾਇਆ ਸੀ ਪਰ ਅਧਿਕਾਰੀਆਂ ਵਲੋਂ ਤਨਖ਼ਾਹ ਦੇ ਵਾਧੇ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨਾ, ਸਸਪੈਂਡ ਕਰਮਚਾਰੀਆਂ ਨੂੰ ਬਹਾਲ ਕਰਨ ਸਣੇ ਪੈਂਡਿੰਗ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸ ਦੇ ਚੱਲਦੇ ਸੰਘਰਸ਼ ਕਰਨਾ ਪੈ ਰਿਹਾ ਹੈ।