ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਪਿਛਲੇ ਕਈ ਦਿਨਾਂ ਤੋਂ ਆਨਲਾਈਨ ਪ੍ਰੀਖਿਆ ਕਰਵਾਉਣ ਦੀ ਮੰਗ ਨੂੰ ਲੈ ਕੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਵਿਦਿਆਰਥੀਆਂ ਵਲੋਂ ਮੰਗਾਂ ਨਾ ਮੰਨੇ ਜਾਣ ‘ਤੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ ਹੈ।
ਰੋਸ ਧਰਨਾ ਦੇ ਕੇ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੋਰੋਨਾ ਕਰਕੇ ਉਨ੍ਹਾਂ ਦੀ ਪਿਛਲੇ 3 ਸਮੈਸਟਰਾਂ ਦੀ ਪੜ੍ਹਾਈ ਆਨਲਾਈਨ ਹੋਈ ਹੈ, ਜੇਕਰ ਪੜ੍ਹਾਈ ਆਨਲਾਈਨ ਹੋਈ ਤਾਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਪੇਪਰ ਵੀ ਆਨਲਾਈਨ ਲੈਣੇ ਚਾਹੀਦੇ ਹਨ। ਉਹ ਪਿਛਲੇ ਕਈ ਦਿਨਾਂ ਤੋਂ ਦਿਨ-ਰਾਤ ਆਨਲਾਈਨ ਪੇਪਰ ਲੈਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ।
ਵਿਦਿਆਰਥੀਆਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਪ੍ਰਬੰਧਕਾਂ ਦੇ ਸਿਰ ‘ਤੇ ਜੂੰ ਤੱਕ ਨਹੀਂ ਸਰਕ ਰਹੀ। ਇਸ ਸੈਮਸਟਰ ਦੀ ਪ੍ਰੀਖਿਆ ਆਨਲਾਈਨ ਲੈਣੀ ਚਾਹੀਦੀ ਹੈ ਤੇ ਅਗਲੇ ਸਮੈਸਟਰ ਵਿਚ ਆਫ਼ਲਾਈਨ ਪੜ੍ਹਾਈ ਕਰਵਾ ਕੇ ਪ੍ਰੀਖਿਆ ਵੀ ਆਫ਼ਲਾਈਨ ਲੈਣੀ ਚਾਹੀਦੀ ਹੈ।
ਵਿਦਿਆਰਥੀਆਂ ਨੂੰ ਕਈ ਜਥੇਬੰਦੀਆਂ ਵਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਮੰਗ ਨੂੰ ਛੇਤੀ ਪ੍ਰਵਾਨ ਨਾ ਕੀਤਾ ਗਿਆ ਤਾਂ ਉਹ ਆਪਣੇ ਸਾਥੀਆਂ ਤੇ ਹੋਰ ਸਹਿਯੋਗ ਜਥੇਬੰਦੀਆਂ ਨਾਲ ਸਲਾਹ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।