ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਗਮਲਿਆਂ ਵਾਲੇ ਪੌਦਿਆਂ ਦੀ ਸੰਭਾਲ ਅਤੇ ਸਜਾਵਟ ਬਾਰੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ । ਇਸ ਭਾਸ਼ਣ ਵਿੱਚ ਵਿਦਿਆਰਥੀ ਅਤੇ ਹੋਰ ਅਮਲੇ ਦੇ ਮੈਂਬਰ ਸ਼ਾਮਿਲ ਹੋਏ । ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਸਜਾਵਟੀ ਬੂਟਿਆਂ ਬਾਰੇ ਗੱਲ ਕਰਦਿਆ ਕਿਹਾ ਕਿ ਇਹਨਾਂ ਨਾਲ ਮਾਨਸਿਕ ਤਨਾਅ ਅਤੇ ਥਕਾਵਟ ਦੂਰ ਕਰਨ ਵਿੱਚ ਮਦਦ ਮਿਲਦੀ ਹੈ ।
ਲੈਂਡਸਕੇਪਿੰਗ ਅਤੇ ਫਲੌਰੀਕਲਚਰ ਦੇ ਸਹਾਇਕ ਪ੍ਰੋਫੈਸਰ ਡਾ. ਰਣਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਘਰ ਦੇ ਅੰਦਰ ਰੱਖੇ ਜਾਣ ਵਾਲੇ ਵੱਖ-ਵੱਖ ਪੌਦਿਆਂ ਜਿਵੇਂ ਮਾਰੰਤਾ ਬਿਕੋਲੋਰ, ਲਾਲ ਪਾਮ, ਵੈਰਗੇਟਾ ਆਦਿ ਬਾਰੇ ਜਾਣਕਾਰੀ ਦਿੱਤੀ । ਉਹਨਾਂ ਨੇ ਗਮਲਿਆਂ ਦੇ ਅਕਾਰ, ਪੌਦਿਆਂ ਦੇ ਰੂਪ, ਮਿੱਟੀ ਦੀ ਬਨਾਵਟ, ਪਾਣੀ ਦੇਣ ਅਤੇ ਰੌਸ਼ਨੀ ਆਦਿ ਦੇ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਪੌਦਿਆਂ ਦਾ ਵਿਕਾਸ ਸਹੀ ਤਰੀਕੇ ਨਾਲ ਹੋ ਸਕੇ ।
ਵਿਭਾਗ ਦੇ ਅਧਿਆਪਕ ਡਾ. ਲਖਵਿੰਦਰ ਕੌਰ ਨੇ ਧੰਨਵਾਦ ਦੇ ਸ਼ਬਦ ਕਹਿੰਦਿਆਂ ਵਿਦਿਆਰਥੀਆਂ ਨੂੰ ਵਿਭਾਗ ਵਿੱਚ ਪਏ ਪੌਦਿਆਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਵਿਭਾਗ ਦੇ ਹਰ ਵਿਦਿਆਰਥੀ ਨੂੰ ਗਮਲੇ ਵੀ ਦਿੱਤੇ ਗਏ ।