ਲੁਧਿਆਣਾ : ਪੀ.ਏ.ਯੂ. ਦੇ ਜੈਵਿਕ ਖੇਤੀ ਸਕੂਲ ਨੇ ਕਿ੍ਸ਼ੀ ਵਿਗਿਆਨ ਕੇਂਦਰ ਮੋਗਾ ਅਤੇ ਫਿਰੋਜ਼ਪੁਰ ਦੇ ਸਹਿਯੋਗ ਨਾਲ ਮੋਗਾ ਜ਼ਿਲ੍ਹੇ ਦੇ ਪਿੰਡ ਨਿਧਾਨ ਸਿੰਘ ਵਾਲਾ ਅਤੇ ਕਿ੍ਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਵਿੱਚ ਸਿਖਲਾਈ ਪੋ੍ਰਗਰਾਮ ਕੀਤੇ । ਇਹ ਪ੍ਰੋਗਰਾਮ ਬਾਇਓਟੈੱਕ ਕਿਸਾਨ ਪ੍ਰੋਜੈਕਟ ਤਹਿਤ ਆਯੋਜਿਤ ਕੀਤੇ ਗਏ ਜੋ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੁਆਰਾ ਮਾਲੀ ਇਮਦਾਦ ਪ੍ਰਾਪਤ ਹਨ ।
ਇਸ ਪ੍ਰੋਜੈਕਟ ਦਾ ਉਦੇਸ਼ ਸਾਂਝੀ ਖੇਤੀ ਵਿਧੀ ਦਾ ਪ੍ਰਸਾਰ ਕਰਨਾ ਸੀ ਜਿਸ ਵਿੱਚ ਦੁੱਧ ਉਤਪਾਦਨ, ਬੱਕਰੀ ਪਾਲਣ, ਘਰ ਦੇ ਵਿਹੜੇ ਵਿੱਚ ਮੁਰਗੀ ਪਾਲਣ, ਖੁੰਬ ਉਤਪਾਦਨ ਅਤੇ ਛੋਟੇ ਕਿਸਾਨਾਂ ਦੀ ਪੋਸ਼ਣ ਅਤੇ ਰੋਜ਼ੀ ਰੋਟੀ ਦੀ ਸੁਰੱਖਿਆ ਸ਼ਾਮਿਲ ਹੈ । ਪ੍ਰੋਜੈਕਟ ਦੇ ਕੁਆਰਡੀਨੇਟਰ ਡਾ. ਚਰਨਜੀਤ ਸਿੰਘ ਔਲਖ ਨੇ ਇਸ ਪ੍ਰੋਜੈਕਟ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਗੱਲ ਕਰਦਿਆਂ ਕਿਸਾਨਾਂ ਨੂੰ ਭੋਜਨ ਉਤਪਾਦਨ ਦੀਆਂ ਸਵੱਛ ਤਕਨੀਕਾਂ ਅਪਨਾਉਣ ਅਤੇ ਮਿਆਰੀ ਖੇਤੀ ਉਤਪਾਦ ਪੈਦਾ ਕਰਨ ਲਈ ਪ੍ਰੇਰਿਤ ਕੀਤਾ ।
ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ. ਐੱਸ ਐੱਸ ਵਾਲੀਆ ਨੇ ਸੰਯੁਕਤ ਖੇਤੀ ਪ੍ਰਣਾਲੀ ਦੇ ਲਾਭ ਗਿਣਾਉਂਦਿਆਂ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀ ਆਮਦਨ ਵਿੱਚ ਇਸ ਵਿਧੀ ਰਾਹੀਂ ਵਾਧਾ ਕੀਤੇ ਜਾਣ ਦੀ ਗੱਲ ਕੀਤੀ । ਇਸ ਦੌਰਾਨ ਪਸ਼ੂ ਧਨ ਸੰਭਾਲ, ਮਿਆਰੀ ਖੇਤੀ ਉਤਪਾਦਨ, ਵਾਢੀ ਉਪਰੰਤ ਪ੍ਰੋਸੈਸਿੰਗ ਅਤੇ ਜੈਵਿਕ ਰਸੋਈ ਬਗੀਚੀ ਆਦਿ ਵਿਸ਼ਿਆਂ ਬਾਰੇ ਵੱਖ-ਵੱਖ ਮਾਹਿਰਾਂ ਨੇ ਭਾਸ਼ਣ ਦਿੱਤੇ ।