ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਹਫ਼ਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿੱਚ ਇਸ ਵਾਰ ਆਉਂਦੇ ਅਕਾਦਮਿਕ ਸਾਲ ਦੌਰਾਨ ਦਾਖਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ । ਪੀ.ਏ.ਯੂ. ਦੇ ਸਹਿਯੋਗੀ ਨਿਰਦੇਸ਼ਕ ਲੋਕ ਸੰਪਰਕ ਡਾ. ਨਿਰਮਲ ਜੌੜਾ ਨੇ ਇਸ ਸੰਬੰਧੀ ਲੋੜੀਂਦੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ।
ਅਗਾਂਹਵਧੂ ਕਿਸਾਨ ਸ. ਬਲਵੀਰ ਸਿੰਘ ਜੜੀਆ ਅਤੇ ਦਰਸ਼ਨ ਸਿੰਘ ਜੜੀਆ ਨਾਲ ਵਿਸ਼ੇਸ਼ ਗੱਲਬਾਤ ਹੋਈ । ਇਸ ਗੱਲਬਾਤ ਦੌਰਾਨ ਸ. ਜੜੀਆ ਨੇ ਖੇਤੀ ਦੇ ਆਪਣੇ ਤਰੀਕਿਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ । ਉਹਨਾਂ ਦੱਸਿਆ ਕਿ ਉਹ ਪੀ.ਏ.ਯੂ. ਦੇ ਸੰਪਰਕ ਵਿੱਚ ਆ ਕੇ ਆਪਣੇ ਖੇਤਾਂ ਵਿੱਚ ਤਜਰਬੇ ਕਰਨ ਲੱਗੇ ਅਤੇ ਇਸ ਨੇ ਹੀ ਉਹਨਾਂ ਨੂੰ ਕਾਮਯਾਬ ਬੀਜ ਉਤਪਾਦਕ ਬਣਾਇਆ ।
ਦਰਸ਼ਨ ਸਿੰਘ ਜੜੀਆ ਨੇ ਆਪਣੇ ਖੇਤ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਨਾਲ ਝਾਤ ਪੁਆਈ । ਉਹਨਾਂ ਨੇ ਇਹ ਵਿਚਾਰ ਸੰਪਾਦਕ ਪੰਜਾਬੀ ਡਾ. ਜਗਵਿੰਦਰ ਜੋਧਾ ਨਾਲ ਕੀਤੀ ਵਾਰਤਾ ਦੌਰਾਨ ਪ੍ਰਗਟ ਕੀਤੇ। ਸਹਾਇਕ ਨਿਰਦੇਸ਼ਕ ਪਬਲੀਕੇਸ਼ਨ ਸ੍ਰੀਮਤੀ ਗੁਲਨੀਤ ਕੌਰ ਚਾਹਲ ਨੇ ਕੰਮਕਾਰ ਦੀ ਥਾਵਾਂ ਅਤੇ ਹੋਰ ਜੀਵਨ ਵਿਹਾਰ ਵਿੱਚ ਤਨਾਅ ਤੋਂ ਮੁਕਤ ਹੋਣ ਦੇ ਤਰੀਕੇ ਦੱਸੇ।