ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਹਫ਼ਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿੱਚ ਇਸ ਵਾਰ ਸਾਉਣੀ ਦੀਆਂ ਫ਼ਸਲਾਂ ਵਿਸ਼ੇਸ਼ ਕਰਕੇ ਨਰਮੇ ਅਤੇ ਝੋਨੇ ਦੇ ਕੀੜਿਆਂ ਦੀ ਰੋਕਥਾਮ ਬਾਰੇ ਵਿਚਾਰ-ਚਰਚਾ ਹੋਈ । ਕੀਟ ਵਿਗਿਆਨੀ ਡਾ. ਵਿਜੈ ਕੁਮਾਰ ਨੇ ਨਰਮੇ ਉੱਪਰ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਰੋਕਥਾਮ ਦੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ । ਉਹਨਾਂ ਕਿਹਾ ਕਿ ਕਿਸਾਨਾਂ ਨੂੰ ਲਗਾਤਾਰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ।
ਜਦੋਂ ਕੀੜੇ ਘੱਟੋ-ਘੱਟ ਆਰਥਿਕ ਪੱਧਰ ਤੋਂ ਉੱਪਰ ਨਜ਼ਰ ਆਉਣ ਤਾਂ ਮਾਹਿਰਾਂ ਨਾਲ ਸਲਾਹ ਕਰਕੇ ਸਿਫ਼ਾਰਸ਼ਸ਼ੁਦਾ ਤਰੀਕੇ ਵਰਤ ਕੇ ਕੀੜਿਆਂ ਦੀ ਰੋਕਥਾਮ ਕਰਨੀ ਚਾਹੀਦੀ ਹੈ । ਉਹਨਾਂ ਕਿਹਾ ਕਿ ਕਿਸਾਨਾਂ ਨੂੰ ਘਬਰਾਹਟ ਵਿੱਚ ਆ ਕੇ ਕਾਹਲ ਵਿੱਚ ਕੋਈ ਕਦਮ ਨਹੀਂ ਪੁੱਟਣਾ ਚਾਹੀਦਾ । ਝੋਨੇ ਦੇ ਕੀੜੇ-ਮਕੌੜਿਆਂ ਬਾਰੇ ਗੱਲ ਕਰਦਿਆਂ ਡਾ. ਰੂਬਲਜੋਤ ਕੂਨਰ ਨੇ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ । ਉਹਨਾਂ ਕਿਹਾ ਕਿ ਮਾਹਿਰਾਂ ਦੇ ਸੁਝਾਅ ਅਤੇ ਰਾਵਾਂ ਅਨੁਸਾਰ ਹੀ ਖੇਤੀ ਰਸਾਇਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।