ਖੇਤੀਬਾੜੀ
ਪੀ.ਏ.ਯੂ. ਦੇ ਆਨਲਾਈਨ ਕਿਸਾਨ ਮੇਲੇ ਵਿੱਚ ਮਾਹਿਰਾਂ ਨੇ ਖੇਤੀ ਬਾਰੇ ਵਿਚਾਰਾਂ ਕੀਤੀਆਂ
Published
3 years agoon
ਲੁਧਿਆਣਾ : ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰ ਫਰੀਦਕੋਟ ਦੇ ਆਨਲਾਈਨ ਕਿਸਾਨ ਮੇਲੇ ਵਿੱਚ ਅੱਜ ਖੇਤੀ ਚੁਣੌਤੀਆਂ ਬਾਰੇ ਚਰਚਾ ਹੋਈ । ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਬਾਬਾ ਫਰੀਦ ਹੈਲਥ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਸ਼ਾਮਿਲ ਹੋਏ । ਡਾ. ਰਾਜ ਬਹਾਦਰ ਨੇ ਆਪਣੇ ਭਾਸ਼ਣ ਵਿੱਚ ਇਹ ਮੌਕਾ ਦੇਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਦਾ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਖੇਤੀ ਦਾ ਕੰਮ ਵੀ ਸੰਵੇਦਨਾ ਨਾਲ ਭਰਿਆ ਹੈ । ਇਹ ਪੌਦਿਆਂ ਨੂੰ ਸਜੀਵ ਮਹਿਸੂਸ ਕਰਕੇ ਕੀਤਾ ਜਾਣ ਵਾਲਾ ਕੰਮ ਹੈ।
ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਮਾਹਿਰਾਂ ਨੇ ਇਤਿਹਾਸ ਵਿੱਚ ਹੀ ਨਹੀਂ ਵਰਤਮਾਨ ਵਿੱਚ ਵੀ ਖੇਤੀ ਖੋਜ ਦੇ ਖੇਤਰ ਵਿੱਚ ਮਾਣਮੱਤਾ ਕੰਮ ਕੀਤਾ ਹੈ । ਇਸੇ ਕਰਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇਸ਼ ਦਾ ਮਾਣ ਹੈ ਅਤੇ ਇਸਨੂੰ ਲਗਾਤਾਰ ਕਿਸਾਨਾਂ ਦੇ ਮਨੋਬਲ ਨੂੰ ਤਰੱਕੀ ਵੱਲ ਲਿਆਂਦਾ ਹੈ । ਡੇਢ ਪ੍ਰਤੀਸ਼ਤ ਭੂਗੋਲਿਕ ਰਕਬਾ ਹੋਣ ਦੇ ਬਾਵਜੂਦ ਅਸੀਂ ਫ਼ਸਲ ਉਤਪਾਦਨ ਦੇ ਪੱਖੋਂ ਭਰਵਾਂ ਯੋਗਦਾਨ ਪਾਇਆ ਹੈ ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮੌਕੇ ਨਵੀਆਂ ਖੇਤੀ ਖੋਜਾਂ ਅਤੇ ਤਕਨੀਕਾਂ ਦਾ ਜ਼ਿਕਰ ਕੀਤਾ । ਉਹਨਾਂ ਕਿਹਾ ਕਿ ਇਸ ਵਾਰ ਝੋਨੇ ਦੀਆਂ ਨਵੀਆਂ ਕਿਸਮਾਂ ਪੀ ਆਰ-130 ਅਤੇ ਪੀ ਆਰ-131 ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਮੱਕੀ ਦੀ ਕਿਸਮ ਪੰਜਾਬ ਬੇਬੀ ਕੌਰਨ-1 ਵੀ ਫਸਲੀ ਵਿਭਿੰਨਤਾ ਦੇ ਖੇਤਰ ਵਿੱਚ ਕੀਤੀ ਪਹਿਲਕਦਮੀ ਵਜੋਂ ਦੇਖੀ ਜਾਣੀ ਚਾਹੀਦੀ ਹੈ । ਦਾਲਾਂ ਵਿੱਚ ਮੈਸ਼-883 ਅਤੇ ਚਰ੍ਹੀ ਦੀ ਨਵੀਂ ਕਿਸਮ ਐੱਸ ਐੱਲ-45, ਚਾਰਿਆਂ ਵਿੱਚ ਬਿਹਤਰੀਨ ਕਿਸਮ ਹੈ ।
ਉਤਪਾਦਨ ਤਕਨੀਕਾਂ ਦਾ ਜ਼ਿਕਰ ਕਰਦਿਆਂ ਨਿਰਦੇਸ਼ਕ ਖੋਜ ਨੇ ਕਿਹਾ ਕਿ ਬੈੱਡਾਂ ਤੇ ਤਰ-ਵੱਤਰ ਖੇਤ ਵਿੱਚ ਸਿੱਧੀ ਬਿਜਾਈ ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਪੀ ਆਰ-26 ਕਿਸਮ ਦੀ ਪਿਛੇਤੀ ਲਵਾਈ ਲਈ 20 ਜੂਨ ਤੱਕ ਪਨੀਰੀ ਦੀ ਬਿਜਾਈ ਦੀ ਤਜ਼ਵੀਜ਼ ਵੀ ਹੈ । ਉਹਨਾਂ ਕਿਹਾ ਕਿ ਪਰਾਲੀ ਖੇਤ ਵਿੱਚ ਵਾਹ ਕੇ ਮਿੱਟੀ ਵਿੱਚ ਜੈਵਿਕ ਮਾਦੇ ਵਿੱਚ ਇਜ਼ਾਫ਼ਾ ਕਰਨ ਦੀ ਸਿਫ਼ਾਰਸ਼ ਨੂੰ ਪੁਰਜ਼ੋਰ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਸਵਾਗਤੀ ਸ਼ਬਦ ਬੋਲਦਿਆਂ ਆਨਲਾਈਨ ਮੇਲੇ ਲਾਉਣ ਦੇ ਮੰਤਵ ਅਤੇ ਮੇਲਿਆਂ ਦੀ ਰੂਪਰੇਖਾ ਬਾਰੇ ਗੱਲ ਕੀਤੀ । ਉਹਨਾਂ ਕਿਹਾ ਕਿ ਮੇਲਿਆਂ ਦਾ ਥੀਮ ‘ਧਰਤੀ ਪਾਣੀ ਪੌਣ ਬਚਾਈਏ, ਪੁਸ਼ਤਾਂ ਖਾਤਰ ਧਰਮ ਨਿਭਾਈਏ’ ਰੱਖਿਆ ਗਿਆ ਹੈ ਜਿਸ ਨਾਲ ਸਰੋਤਾਂ ਦੀ ਸਹੀ ਵਰਤੋਂ ਦਾ ਸੁਨੇਹਾ ਕਿਸਾਨਾਂ ਤੱਕ ਦੇਣ ਦਾ ਉਦੇਸ਼ ਹੈ । ਡਾ. ਅਸ਼ੋਕ ਕੁਮਾਰ ਨੇ ਮੌਸਮੀ ਤਬਦੀਲੀ ਨਾਲ ਪੈਦਾ ਹੋਣ ਵਾਲੇ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਮਾਹਿਰਾਂ ਨਾਲ ਸੰਪਰਕ ਕਰਨ ਦੀ ਅਪੀਲ ਕਿਸਾਨਾਂ ਨੂੰ ਕੀਤੀ ।
You may like
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
-
ਖੇਤੀ ਉੱਦਮੀਆਂ ਨੇ ਸਿਫਟ ਦੇ ਕਿਸਾਨ ਮੇਲੇ ਵਿੱਚ ਦੋ ਪੁਰਸਕਾਰ ਜਿੱਤੇ