Connect with us

ਖੇਤੀਬਾੜੀ

ਪੀ.ਏ.ਯੂ. ਵਿੱਚ ਉੱਤਰ-ਪੱਛਮ ਭਾਰਤ ਵਿੱਚ ਪਰਾਲੀ ਦੀ ਸੰਭਾਲ ਬਾਰੇ ਵਿਚਾਰ-ਗੋਸ਼ਟੀ ਹੋਈ

Published

on

P.A.U. Discussions on straw management in North-West India

ਲੁਧਿਆਣਾ : ਪੀ.ਏ.ਯੂ. ਵਿੱਚ ਅੱਜ ਝੋਨੇ ਦੀ ਪਰਾਲੀ ਦੀ ਉੱਤਰ ਪੱਛਮੀ ਭਾਰਤ ਵਿੱਚ ਸੰਭਾਲ ਬਾਰੇ ਇੱਕ ਉੱਚ ਪੱਧਰੀ ਵਿਚਾਰ-ਗੋਸ਼ਟੀ ਕਰਵਾਈ ਗਈ । ਇਸ ਵਿਚਾਰ-ਗੋਸ਼ਟੀ ਵਿੱਚ ਖੇਤੀ ਮਾਹਿਰ, ਕਿਸਾਨ, ਉਦਯੋਗਿਕ ਧਿਰਾਂ ਅਤੇ ਰਾਸ਼ਟਰ ਪੱਧਰੀ ਨੀਤੀ ਨਿਰਧਾਰਕ ਸ਼ਾਮਿਲ ਹੋਏ । ਇਸ ਵਿਚਾਰ-ਗੋਸ਼ਟੀ ਦੇ ਆਰੰਭਕ ਸੈਸ਼ਨ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਅਤੇ ਵਧੀਕ ਮੁੱਖ ਸਕੱਤਰ ਸ਼੍ਰੀ ਡੀ. ਕੇ. ਤਿਵਾੜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।

ਸ਼੍ਰੀ ਤਿਵਾੜੀ ਨੇ ਦੱਸਿਆ ਕਿ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਕਿਸੇ ਵੀ ਕੰਮ ਨੂੰ ਆਰੰਭ ਕਰਨਾ ਮੁਸ਼ਕਿਲ ਹੁੰਦਾ ਹੈ ਅਤੇ ਪਰਾਲੀ ਦੀ ਸੰਭਾਲ ਦਾ ਕੰਮ ਇੱਕ ਮੁਹਿੰਮ ਵਾਂਗ ਸ਼ੁਰੂ ਹੋ ਚੁੱਕਾ ਹੈ । ਉਹਨਾਂ ਕਿਹਾ ਕਿ ਪਰਾਲੀ ਨਾਲ ਹੋਣ ਵਾਲਾ ਪ੍ਰਦੂਸ਼ਣ ਵਿਚਾਰਨ ਦਾ ਵਿਸ਼ਾ ਹੈ । ਪਰਾਲੀ ਦੀ ਸੰਭਾਲ ਦੇ ਨਵੇਂ ਅਤੇ ਪੁਰਾਣੇ ਸਾਰੇ ਕਾਰਗਰ ਤਰੀਕੇ ਵਿਚਾਰ ਕੇ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ ।

ਸ਼੍ਰੀ ਤਿਵਾੜੀ ਨੇ ਪੰਜਾਬ ਦੀਆਂ ਕੁਝ ਕੰਪਨੀਆਂ ਦਾ ਜ਼ਿਕਰ ਕੀਤਾ ਜੋ ਵੱਖ-ਵੱਖ ਤਰੀਕਿਆਂ ਨਾਲ ਪਰਾਲੀ ਸੰਭਾਲਦੀਆਂ ਹਨ । ਉਹਨਾਂ ਨੇ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਪਰਾਲੀ ਦੀ ਸੰਭਾਲ ਦੇ ਤਰੀਕਿਆਂ ਦੇ ਨਾਲ-ਨਾਲ ਡੀ-ਕੰਪੋਜ਼ਰਾਂ ਦੀ ਵਰਤੋਂ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ । ਉਹਨਾਂ ਕਿਹਾ ਕਿ ਸਾਰੀਆਂ ਧਿਰਾਂ ਦੀਆਂ ਰਾਵਾਂ ਅਹਿਮ ਹਨ ਪਰ ਇਸ ਸਮੱਸਿਆ ਦੇ ਵਿਹਾਰਕ ਹੱਲ ਬਾਰੇ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ ।

ਇਸ ਮੌਕੇ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਵਤਾਰ ਸਿੰਘ ਢੀਂਡਸਾ ਨੇ ਵਿਚਾਰ-ਵਟਾਂਦਰਾ ਸੈਸ਼ਨ ਦੀ ਪ੍ਰਧਾਨਗੀ ਕੀਤੀ । ਸ਼੍ਰੀ ਢੀਂਡਸਾ ਨੇ ਕਿਹਾ ਕਿ ਚੰਗੀ ਗੱਲ ਹੈ ਜੋ ਬੁੱਧੀਜੀਵੀਆਂ ਅਤੇ ਕਿਸਾਨਾਂ ਨੇ ਪਰਾਲੀ ਦੀ ਸੰਭਾਲ ਦੇ ਮਹੱਤਵ ਨੂੰ ਪਛਾਣਿਆ ਹੈ । ਉਹਨਾਂ ਕਿਹਾ ਕਿ ਖੇਤੀ ਲਈ ਭੂਮੀ ਵਿੱਚ ਜੈਵਿਕ ਕਾਰਬਨ ਦੀ ਸੰਭਾਲ ਬਹੁਤ ਜ਼ਰੂਰੀ ਮੁੱਦਾ ਹੈ ।

ਸ਼੍ਰੀ ਢੀਂਡਸਾ ਨੇ ਆਪਣੀ ਗੱਲ ਨੂੰ ਝੋਨੇ ਦੀ ਲਵਾਈ ਤੋਂ ਆਰੰਭ ਕੀਤਾ । ਉਹਨਾਂ ਕਿਹਾ ਕਿ ਪੂਸਾ ਅਤੇ ਹੋਰ ਵੱਧ ਸਮਾਂ ਲੈਣ ਵਾਲੀਆਂ ਕਿਸਮਾਂ ਤੋਂ ਖਹਿੜਾ ਛਡਾਉਣਾ ਪਵੇਗਾ ਜਿਨ੍ਹਾਂ ਕਾਰਨ ਪੰਜਾਬ ਦੇ ਵਾਤਾਵਰਨ ਵਿੱਚ ਵਿਆਪਕ ਵਿਗਾੜ ਪੈਦਾ ਹੋਏ ਹਨ । ਉਹਨਾਂ ਕਿਹਾ ਕਿ ਝੋਨੇ ਦੀ ਲਵਾਈ ਦੇ ਤਰੀਕੇ ਵੀ ਬਦਲਣੇ ਪੈਣਗੇ । ਇਸੇ ਤਰ੍ਹਾਂ ਪਰਾਲੀ ਦੀ ਸੰਭਾਲ ਲਈ ਵਧੇਰੇ ਸਮਾਂ ਮਿਲ ਸਕੇਗਾ ।

ਵਿਚਾਰ-ਵਟਾਂਦਰਾ ਸੈਸ਼ਨ ਦਾ ਸੰਚਾਲਨ ਪੀ.ਏ.ਯੂ. ਦੇ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਕੀਤਾ । ਇਸ ਸੈਸ਼ਨ ਵਿੱਚ ਕਿਸਾਨਾਂ ਨੇ ਪਰਾਲੀ ਦੀ ਸੰਭਾਲ ਲਈ ਆਉਂਦੀਆਂ ਮੁਸ਼ਕਿਲਾਂ ਬਾਰੇ ਮਾਹਿਰਾਂ ਕੋਲੋਂ ਸਵਾਲ ਪੁੱਛੇ ਜਦਕਿ ਮਾਹਿਰਾਂ ਨੇ ਉਦਯੋਗਾਂ ਦੇ ਨੁਮਾਇੰਦਿਆਂ ਨਾਲ ਨਿੱਠ ਕੇ ਗੱਲਬਾਤ ਕੀਤੀ । ਪਰਾਲੀ ਸੰਭਾਲ ਬਾਰੇ ਇੱਕ ਸਾਂਝੇ ਸੈਸ਼ਨ ਵਿੱਚ ਪੰਜ ਵੱਖ-ਵੱਖ ਮਾਹਿਰਾਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ।

 

Facebook Comments

Trending