ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਨਾਬਾਰਡ ਦੀ ਸਹਾਇਤਾ ਨਾਲ ਪਰਾਲੀ ਦੀ ਸੰਭਾਲ ਬਾਰੇ ਇੱਕ ਯਾਤਰਾ ਸੈਮੀਨਾਰ ਕਰਵਾਇਆ । ਇਸ ਸੈਮੀਨਾਰ ਵਿੱਚ 30 ਦੇ ਕਰੀਬ ਕਿਸਾਨਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਖੇਤਾਂ ਦਾ ਦੌਰਾ ਕਰਨ ਦੇ ਨਾਲ-ਨਾਲ ਖੇਤੀ ਮਾਹਿਰਾਂ ਕੋਲੋਂ ਸਵਾਲ ਵੀ ਪੁੱਛੇ । ਪਸਾਰ ਮਾਹਿਰ ਡਾ. ਧਰਮਿੰਦਰ ਸਿੰਘ ਨੇ ਪਰਾਲੀ ਦੀ ਸੰਭਾਲ ਬਾਰੇ ਗੱਲ ਕਰਦਿਆਂ ਇਸ ਨੂੰ ਸਾੜਨ ਦੇ ਬੁਰੇ ਪ੍ਰਭਾਵਾਂ ਉੱਪਰ ਚਾਨਣਾ ਪਾਇਆ ।
ਉਹਨਾਂ ਨੇ ਛੋਟੇ ਕਿਸਾਨਾਂ ਨੂੰ ਸਮੂਹ ਬਣਾ ਕੇ ਮਹਿੰਗੀ ਮਸ਼ੀਨਰੀ ਦੀ ਵਰਤੋਂ ਲਈ ਪ੍ਰੇਰਿਤ ਕੀਤਾ । ਖੇਤੀ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਨਾਰੰਗ ਨੇ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀ ਗਈ ਮਸ਼ੀਨਰੀ ਜਿਵੇਂ ਸਮਾਰਟ ਸੀਡਰ, ਹੈਪੀਸੀਡਰ, ਸੁਪਰ ਸੀਡਰ ਅਤੇ ਹੋਰ ਮਸ਼ੀਨਾਂ ਦਾ ਜ਼ਿਕਰ ਕੀਤਾ ।
ਮਸ਼ੀਨਰੀ ਮਾਹਿਰ ਡਾ. ਰਾਜੇਸ਼ ਗੋਇਲ ਨੇ ਪਰਾਲੀ ਦੀ ਸੰਭਾਲ ਵਾਲੇ ਖੇਤਾਂ ਵਿੱਚ ਕਣਕ ਦੀ ਫਸਲ ਦਿਖਾ ਕੇ ਕਿਸਾਨਾਂ ਨੂੰ ਕੁਝ ਨੁਕਤੇ ਸਮਝਾਏ । ਅੰਤ ਵਿੱਚ ਪੀ.ਏ.ਯੂ. ਦਾ ਸਾਹਿਤ ਕਿਸਾਨਾਂ ਨੂੰ ਵੰਡਿਆ ਗਿਆ ।