ਲੁਧਿਆਣਾ : ਪੀ.ਏ.ਯੂ. ਦੇ ਸੰਚਾਰ ਕੇਂਦਰ ਵੱਲੋਂ ਅੱਜ ‘ਖੇਤੀ ਸਾਹਿਤ ਨੂੰ ਪਾਪੂਲਰ ਕਰਨ ਵਿੱਚ ਮੀਡੀਆ ਦਾ ਯੋਗਦਾਨ’ ਵਿਸ਼ੇ ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ । ਇਸ ਵਰਕਸ਼ਾਪ ਵਿੱਚ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ. ਸਰਜੀਤ ਸਿੰਘ ਗਿੱਲ ਅਤੇ ਸਾਬਕਾ ਅਪਰ ਨਿਰਦੇਸ਼ਕ ਸੰਚਾਰ ਡਾ. ਜੇ ਐੱਸ ਧੀਮਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਮੁੱਖ ਮਹਿਮਾਨ ਸਨ ।
ਡਾ. ਸਰਜੀਤ ਸਿੰਘ ਗਿੱਲ ਨੇ ਇਸ ਮੌਕੇ ਬੋਲਦਿਆਂ ਖੇਤੀ ਸਾਹਿਤ ਨੂੰ ਪਸਾਰ ਵਿਧੀਆਂ ਅਨੁਸਾਰ ਲਿਖੇ ਅਤੇ ਪ੍ਰਚਾਰੇ ਜਾਣ ਦੀ ਲੋੜ ਤੇ ਜ਼ੋਰ ਦਿੱਤਾ । ਉਹਨਾਂ ਕਿਹਾ ਕਿ ਬਦਲਦੇ ਹਾਲਾਤ ਮੁਤਾਬਿਕ ਸੰਚਾਰ ਕੇਂਦਰ ਨੇ ਜੋ ਨਵੀਆਂ ਵਿਧੀਆਂ ਅਤੇ ਤਕਨੀਕਾਂ ਅਪਨਾਈਆਂ ਹਨ ਉਹਨਾਂ ਦੀ ਪ੍ਰਸ਼ੰਸ਼ਾ ਕਰਨੀ ਬਣਦੀ ਹੈ । ਡਾ. ਜੇ ਐੱਸ ਧੀਮਾਨ ਨੇ ਵਿਗਿਆਨ ਅਤੇ ਕਲਾ ਦੇ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ । ਉਹਨਾਂ ਕਿਹਾ ਕਿ ਕਲਾ ਅਤੇ ਵਿਗਿਆਨ ਇੱਕ ਦੂਜੇ ਦੇ ਪੂਰਕ ਹਨ । ਦੋਵਾਂ ਦੇ ਸੁਮੇਲ ਨਾਲ ਬਿਹਤਰਹੀਨ ਖੇਤੀ ਸਾਹਿਤ ਰਚਿਆ ਜਾ ਸਕਦਾ ਹੈ ।
ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਇਸ ਮੌਕੇ ਇਸ ਵਰਕਸ਼ਾਪ ਦੇ ਮਹੱਤਵ ਬਾਰੇ ਗੱਲ ਕੀਤੀ । ਉਹਨਾਂ ਕਿਹਾ ਕਿ ਸੰਚਾਰ ਕੇਂਦਰ ਪੀ.ਏ.ਯੂ. ਦੀਆਂ ਖੋਜਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਕਾਰਜ ਕਰਦਾ ਹੈ । ਇਸ ਕਾਰਜ ਵਿੱਚ ਮੀਡੀਆ ਅਦਾਰਿਆਂ ਅਤੇ ਨਵੇਂ ਮੀਡੀਆ ਸਰੋਤਾਂ ਦਾ ਵੀ ਵਿਲੱਖਣ ਯੋਗਦਾਨ ਹੈ । ਉਹਨਾਂ ਕਿਹਾ ਕਿ ਇਹ ਵਰਕਸ਼ਾਪ ਇਹਨਾਂ ਸੰਬੰਧਾਂ ਨੂੰ ਪਹਿਲਾਂ ਨਾਲੋਂ ਵੀ ਮਜ਼ਬੂਤੀ ਦੇਵੇਗੀ ।
ਇਸ ਤੋਂ ਪਹਿਲਾਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸਵਾਗਤੀ ਸ਼ਬਦ ਬੋਲਦਿਆਂ ਵਿਸ਼ੇਸ਼ ਪੇਸ਼ਕਾਰੀ ਦਿੱਤੀ । ਉਹਨਾਂ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਹਰ ਹਫ਼ਤੇ ਕਿਸਾਨਾਂ ਨੂੰ ਡਿਜ਼ੀਟਲ ਅਖਬਾਰ ਅਤੇ ਪੀ.ਏ.ਯੂ. ਲਾਈਵ ਰਾਹੀਂ ਖੇਤੀ ਸੂਚਨਾਵਾਂ ਮਿਲਣੀਆਂ ਇਸ ਗੱਲ ਦਾ ਸੂਚਕ ਹਨ ਕਿ ਸੰਚਾਰ ਕੇਂਦਰ ਨੇ ਬਦਲਦੇ ਯੁੱਗ ਅਨੁਸਾਰ ਆਪਣੇ ਆਪ ਨੂੰ ਢਾਲਿਆ ਹੈ ।
ਉਹਨਾਂ ਕਿਹਾ ਪਿਛਲੇ ਦੋ ਸਾਲ ਕਰੋਨਾ ਮਹਾਂਮਾਰੀ ਕਾਰਨ ਸੰਸਾਰ ਨਵੇਂ ਤਜਰਬਿਆਂ ਦੇ ਸਨਮੁਖ ਹੋਇਆ ਹੈ ਪਰ ਜਿਵੇਂ ਕਿਹਾ ਜਾਂਦਾ ਹੈ ਕਿ ਸੰਕਟ ਹੀ ਮੌਕੇ ਪੈਦਾ ਕਰਦੇ ਹਨ । ਸੰਚਾਰ ਕੇਂਦਰ ਦੇ ਮਿਹਨਤੀ ਅਮਲੇ ਨੇ ਖੇਤੀ ਸੂਚਨਾਵਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਰਵਾਇਤੀ ਤਰੀਕਿਆਂ ਤੋਂ ਇਲਾਵਾ ਬਿਜਲਈ ਅਤੇ ਸ਼ੋਸ਼ਲ ਮੀਡੀਆ ਪਲੇਟਫਾਰਮ ਦੀ ਭਰਪੂਰ ਵਰਤੋਂ ਕੀਤੀ ।
ਪੀ.ਏ.ਯੂ. ਦੀਆਂ ਖੇਤੀ ਸਿਫ਼ਾਰਸ਼ਾਂ ਅਤੇ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਪਿਛਲੇ ਸਾਢੇ ਪੰਜ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਲਗਾਤਾਰ ਆਪਣੀ ਭੂਮਿਕਾ ਨਿਭਾ ਰਹੇ ਹਨ । ਲੌਕਡਾਊਡ ਦੌਰਾਨ ਜਦੋਂ ਸਾਰੀ ਦੁਨੀਆਂ ਦੇ ਕਾਰ-ਵਿਹਾਰ ਰੁੱਕ ਗਏ ਲੱਗਦੇ ਸਨ ਉਦੋਂ ਵੀ ਸਾਡਾ ਖੇਤੀ ਸਾਹਿਤ ਪ੍ਰਕਾਸ਼ਿਤ ਹੋਇਆ, ਅਸੀਂ ਸ਼ੋਸ਼ਲ ਮੀਡੀਆ ਲਾਈਵ ਰਾਹੀਂ ਕਿਸਾਨਾਂ ਤੱਕ ਜਾਣਕਾਰੀ ਪਹੁੰਚਾਈ ਅਤੇ ਡਿਜ਼ੀਟਲ ਅਖਬਾਰ ਨੇ ਖੇਤੀ ਸੰਬੰਧੀ ਸਿਫ਼ਾਰਸ਼ਾਂ ਹਰ ਹਫਤੇ ਕਿਸਾਨਾਂ ਦੇ ਬੂਹੇ ਤੱਕ ਪਹੁੰਚਾਈਆਂ ।
ਇਸ ਮੌਕੇ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਅਤੇ ਐੱਫ ਐੱਮ ਲੁਧਿਆਣਾ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਨਵਦੀਪ ਸਿੰਘ ਨੇ ਵੀ ਸੰਬੋਧਨ ਕੀਤਾ । ਸਾਬਕਾ ਕਰਮਚਾਰੀਆਂ ਅਤੇ ਮੀਡੀਆ ਕਰਮੀਆਂ ਦੇ ਨਾਲ-ਨਾਲ ਪ੍ਰਧਾਨਗੀ ਮੰਡਲ ਨੂੰ ਵੀ ਯਾਦ ਚਿੰਨ ਭੇਂਟ ਕੀਤੇ ਗਏ । ਇਸ ਉਪਰੰਤ ਲੋਹੜੀ ਦੇ ਜਸ਼ਨਾਂ ਵਜੋਂ ਸੰਚਾਰ ਕੇਂਦਰ ਦੇ ਵਿਹੜੇ ਵਿੱਚ ਕਿਤਾਬਾਂ ਦਾ ਲੰਗਰ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ।