ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਤਹਿਤ ਬੀਤੇ ਦਿਨੀਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੰਡਿਆਲੀ ਵਿਖੇ ਵਣ ਦਿਵਸ ਮਨਾਇਆ ।
ਪੀ.ਏ.ਯੂ. ਮਾਹਿਰ ਡਾ. ਰਿਤੂ ਮਿੱਤਲ ਨੇ ਵਿਦਿਆਰਥੀਆਂ ਨੂੰ ਪੌਦੇ ਲਾਉਣ ਲਈ ਪ੍ਰੇਰਿਤ ਕਰਦਿਆਂ ਇਸ ਕਾਰਜ ਨੂੰ ਸਾਫ ਵਾਤਾਵਰਣ ਕਾਰਨ ਅੱਜ ਦੇ ਸਮੇਂ ਦੀ ਲੋੜ ਕਿਹਾ । ਉਹਨਾਂ ਕਿਹਾ ਕਿ ਇਹ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ ਕਿ ਵੱਧ ਤੋਂ ਵੱਧ ਰੁੱਖ ਲਾਉਣ ਅਤੇ ਲੋਕਾਂ ਨੂੰ ਰੁੱਖ ਲਾਉਣ ਲਈ ਪ੍ਰੇਰਿਤ ਕਰਨ ।
ਸਹਾਇਕ ਪ੍ਰੋਫੈਸਰ ਡਾ. ਮਨਦੀਪ ਸ਼ਰਮਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਾਲ ਵਿੱਚ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਾਉਣ । ਉਹਨਾਂ ਦੱਸਿਆ ਕਿ ਸਾਫ਼ ਵਾਤਾਵਰਣ ਦੇ ਨਾਲ-ਨਾਲ ਇਹ ਕਾਰਜ ਪੋਸ਼ਣ ਸੁਰੱਖਿਆ ਨਾਲ ਵੀ ਸੰਬੰਧਿਤ ਹੈ । ਸਕੂਲ ਦੇ ਵਿਦਿਆਰਥੀਆਂ ਅਤੇ ਅਮਲੇ ਨੇ ਇਸ ਸਮਾਗਮ ਨੂੰ ਜ਼ੋਸ਼ ਨਾਲ ਆਯੋਜਿਤ ਕੀਤਾ । ਪਿੰਡ ਦੇ ਆਂਗਣਵਾੜੀ ਕੇਂਦਰ ਵਿੱਚ ਫ਼ਲਦਾਰ ਦਰੱਖਤ ਲਾਏ ਗਏ । ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਦਰੱਖਤਾਂ ਦੇ ਬੂਟੇ ਵੀ ਵੰਡੇ ਗਏ ।