ਲੁਧਿਆਣਾ : ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਜ਼ਿਲਾ ਗੁਰਦਾਸਪੁਰ ਦੇ ਪਿੰਡ ਗਜ਼ਨੀਪੁਰ ਦੇ ਅਗਾਂਹਵਧੂ ਕਿਸਾਨ ਸ. ਹਰਦਿਆਲ ਸਿੰਘ ਨੇ ਬੀਤੇ ਦਿਨੀਂ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦਾ ਦੌਰਾ ਕਰਦਿਆਂ ਅਧਿਕਾਰੀਆਂ ਅਤੇ ਅਮਲੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ । ਵਧੀਕ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸਾ. ਹਰਦਿਆਲ ਸਿੰਘ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਵੱਲੋਂ ਪੰਜਾਬ ਦੀ ਖੇਤੀ ਦੀ ਤਰੱਕੀ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਗੱਲ ਕੀਤੀ ।
ਉਹਨਾਂ ਕਿਹਾ ਕਿ ਯੂਨੀਵਰਸਿਟੀ ਕਰੋਨਾ ਕਾਲ ਵਿੱਚ ਵੀ ਖੇਤੀ ਨੂੰ ਮੁਨਾਫ਼ੇਯੋਗ ਧੰਦਾ ਬਨਾਉਣ ਲਈ ਕਿਸਾਨਾਂ ਦੇ ਬੂਹੇ ਤੱਕ ਖੇਤੀ ਲੱਭਤਾਂ ਨੂੰ ਪਹੁੰਚਾ ਰਹੀ ਹੈ । ਉਹਨਾਂ ਨੇ ਸੰਚਾਰ ਲਈ ਵਰਤੀਆਂ ਜਾ ਰਹੀਆਂ ਨਵੀਆਂ ਤਕਨੀਕਾਂ ਦਾ ਜ਼ਿਕਰ ਕਰਦਿਆਂ ਕਿਸਾਨਾਂ ਦੇ ਹਾਂਪੱਖੀ ਹੁੰਗਾਰੇ ਦੀ ਗੱਲ ਕੀਤੀ । ਨਾਲ ਹੀ ਉਹਨਾਂ ਨੇ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਅਤੇ ਮੁਹਾਰਤ ਵਿਕਾਸ ਪ੍ਰੋਗਰਾਮਾਂ ਉੱਪਰ ਵੀ ਚਾਨਣਾ ਪਾਇਆ ।
ਸ. ਹਰਦਿਆਲ ਸਿੰਘ ਨੇ ਯੂਨੀਵਰਸਿਟੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ । ਡਾ. ਰਿਆੜ ਨੇ ਉਹਨਾਂ ਨੂੰ ਯੂਨੀਵਰਸਿਟੀਆਂ ਦੀਆਂ ਚੋਣਵੀਆਂ ਪ੍ਰਕਾਸ਼ਨਾਵਾਂ ਦਾ ਇੱਕ ਸੈੱਟ ਭੇਂਟ ਕੀਤਾ । ਇਸ ਮੌਕੇ ਸਕਿੱਲ ਡਿਵੈਲਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਅਤੇ ਲੋਕ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਨਿਰਮਲ ਜੌੜਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ।