ਲੁਧਿਆਣਾ : ਪੀਏਯੂ ਡਾਇਮੰਡ ਜੁਬਲੀ ਸਮਾਰੋਹ ਦੀਆਂ ਗਤੀਵਿਧੀਆਂ ਦੀ ਇੱਕ ਲੜੀ ਵਿੱਚ ਜੈਵਿਕ ਖੇਤੀ ਸਕੂਲ ਨੇ ਕੇਵੀਕੇ ਮੋਗਾ ਦੇ ਸਹਿਯੋਗ ਨਾਲ ਹਲਦੀ ਦੀਆਂ ਸੁਧਰੀਆਂ ਉਤਪਾਦਨ ਤਕਨੀਕਾਂ ਬਾਰੇ ਇੱਕ ਖੇਤ ਦਿਵਸ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਲਗਭਗ 30 ਕਿਸਾਨਾਂ ਨੇ ਭਾਗ ਲਿਆ। ਪ੍ਰੋਗਰਾਮ ਦੇ ਕੁਆਰਡੀਨੇਟਰ ਡਾ: ਰਾਜਿੰਦਰ ਕੁਮਾਰ ਨੇ ਹਲਦੀ ਦੀ ਕਾਸ਼ਤ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਹਲਦੀ ਦੀ ਮਹੱਤਤਾ ਅਤੇ ਇਸ ਦੇ ਵੱਧ ਰਹੇ ਸੇਵਨ ਕਾਰਨ ਕਈ ਸਿਹਤ ਲਾਭਾਂ ਬਾਰੇ ਵੀ ਚਾਨਣਾ ਪਾਇਆ।
ਡਾ: ਤਰਸੇਮ ਚੰਦ ਮਿੱਤਲ ਨੇ ਹਲਦੀ ਦੀ ਪ੍ਰੋਸੈਸਿੰਗ ਤਕਨੀਕਾਂ ਬਾਰੇ ਚਰਚਾ ਕੀਤੀ ਅਤੇ ਘਰੇਲੂ ਅਤੇ ਵਪਾਰਕ ਪੱਧਰ ਲਈ ਵੱਖ-ਵੱਖ ਮਸ਼ੀਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ: ਅਮਨਦੀਪ ਸਿੰਘ ਬਰਾੜ, ਡਿਪਟੀ ਡਾਇਰੈਕਟਰ ਕੇ.ਵੀ.ਕੇ, ਮੋਗਾ ਨੇ ਭਾਗੀਦਾਰਾਂ ਨੂੰ ਜ਼ਿਲ੍ਹਾ ਮੋਗਾ ਵਿੱਚ ਹਲਦੀ ਦੀ ਪੈਦਾਵਾਰ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਲਈ ਪ੍ਰੇਰਿਤ ਕੀਤਾ।