ਲੁਧਿਆਣਾ : ਨਾਨ-ਗੌਰਮਿੰਟ ਏਡਿਡ ਕਾਲਜਿਜ਼ ਮੈਨੇਜਮੈਂਟ ਫੈਡਰੇਸ਼ਨ ਵਲੋਂ ਉਚ ਸਿੱਖਿਆ ਨਾਲ ਸੂਬਾ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਸੰਬੰਧੀ ਜੀ. ਜੀ. ਐਨ. ਖ਼ਾਲਸਾ ਕਾਲਜ ਲੁਧਿਆਣਾ ਵਿਖੇ ਫੈਡਰੇਸ਼ਨ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ, ਜਿਸ ‘ਚ ਕਾਲਜ ਪ੍ਰਬੰਧਕੀ ਕਮੇਟੀਆਂ ਦੀ ਮੀਟਿੰਗ ‘ਚ ਸਰਕਾਰੀ ਨੁਮਾਇੰਦਿਆਂ ਨੂੰ ਸੱਦਾ ਨਾ ਦੇਣ ਦੇ ਫ਼ੈਸਲਾ ‘ਤੇ ਜ਼ੋਰ ਦਿੱਤਾ ਗਿਆ।
ਫ਼ੈਡਰੇਸ਼ਨ ਮੈਂਬਰਾਂ ਨੇ ਕਿਹਾ ਕਿ ਪ੍ਰਬੰਧਕੀ ਕਮੇਟੀਆਂ ਆਪਣੇ ਕਾਲਜਾਂ ਨੂੰ ਚਲਾਉਣ ‘ਚ ਪੂਰੀ ਤਰ੍ਹਾਂ ਨਾਲ ਨਿਪੁੰਨ ਹਨ ਅਤੇ ਇਸ ਲਈ ਸਰਕਾਰੀ ਨੁਮਾਇੰਦਿਆਂ ਦਾ ਉਕਤ ਕਮੇਟੀਆਂ ‘ਚ ਦਖਲਅੰਦਾਜ਼ੀ ਕਾਲਜ ਦੇ ਕਾਰਜਾਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰੇਗੀ। ਛੀਨਾ ਨੇ ਕਿਹਾ ਕਿ ਉਹ ਉੱਚ ਸਿੱਖਿਆ ਦੇ ਅਧਿਕਾਰੀਆਂ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ ਪਰ ਜੇਕਰ ਲੋੜ ਪਈ ਤਾਂ ਉਹ ਕਾਲਜਾਂ ਨੂੰ ਬੰਦ ਕਰਨ ਸਮੇਤ ਸਖ਼ਤ ਕਦਮ ਚੁੱਕਣ ਤੋਂ ਗੁਰੇਜ਼ ਵੀ ਨਹੀਂ ਕਰਨਗੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਦੀ ਜ਼ਿੰਮੇਵਾਰੀ ਉੱਚ ਸਿੱਖਿਆ ਵਿਭਾਗ ਦੀ ਹੋਵੇਗੀ।
ਮੀਟਿੰਗ ‘ਚ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਮੇਸ਼ ਕੁਮਾਰ ਕੌੜਾ, ਮੀਤ ਪ੍ਰਧਾਨ ਤਜਿੰਦਰ ਕੌਰ ਧਾਲੀਵਾਲ, ਜਨਰਲ ਸਕੱਤਰ ਐਸ. ਐਮ. ਸ਼ਰਮਾ, ਸਲਾਹਕਾਰ ਰਵਿੰਦਰ ਜੋਸ਼ੀ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਐਸ. ਪੀ. ਸਿੰਘ, ਜੀ. ਐਸ. ਸਰਨਾ, ਸੰਜੇ ਗੋਇਲ, ਪਿ੍ੰਸੀਪਲ ਡਾ. ਮਹਿਲ ਸਿੰਘ, ਪਿ੍ੰਸੀਪਲ ਐਮ. ਪੀ. ਸਿੰਘ, ਪਵਿੱਤਰ ਸਿੰਘ ਪਾਂਗਲੀ, ਰਾਜੀਵ ਜੈਨ, ਡਾ. ਅਨੀਸ਼ ਪ੍ਰਕਾਸ਼, ਵਿਨੋਦ ਭਾਰਦਵਾਜ, ਨਰੇਸ਼ ਕੁਮਾਰ ਧੀਮਾਨ ਅਤੇ ਡੀ. ਐਸ. ਰਟੌਲ ਆਦਿ ਹਾਜ਼ਰ ਸਨ।