ਖੰਨਾ/ ਲੁਧਿਆਣਾ : ਕੁਦਰਤ ਦੀ ਮਾਰ ਝੱਲ ਰਹੇ ਪੰਜਾਬ ਦੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਦੇ ਕੇਂਦਰ ਸਰਕਾਰ ਦੀ ਮਾਰ ਵੀ ਸਹਿਣੀ ਪਵੇਗੀ ਕਿਉਂਂਕਿ ਕੇਂਦਰ ਸਰਕਾਰ ਨੇ ਖ਼ਰਾਬ ਕਣਕ ਦੇ ਭਾਅ ਨੂੰ ਲੈ ਕੇ ਕਟੌਤੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਸ ਕਰਕੇ ਹੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ’ਚ ਸਰਕਾਰੀ ਖ਼ਰੀਦ ਦਾ ਰਸਮੀ ਉਦਘਾਟਨ ਕਰਨ ਵਿਧਾਇਕ ਤਰੁਣਪ੍ਰੀਤ ਸਿੰਘ ਸੋਂਦ ਪਹੁੰਚੇ ਪਰ ਕਣਕ ਦੀ ਖ਼ਰੀਦ ਨਿੱਜੀ ਵਪਾਰੀਆਂ ਵਲੋਂ ਕੀਤੀ ਗਈ।
ਕੇਂਦਰ ਸਰਕਾਰ ਦੇ ਭਾਅ ’ਚ ਕਟੌਤੀ ਕਰਨ ਦੇ ਹੁਕਮਾਂ ਦੇ ਰੋਸ ਵਜੋਂ ਕਿਸਾਨਾਂ ਨੇ ਸਰਕਾਰ ਨੂੰ ਕਣਕ ਵੇਚਣ ਤੋਂ ਇਨਕਾਰ ਕਰ ਦਿੱਤਾ। ਹੁਣ ਤੱਕ ਮੰਡੀ ’ਚੋਂ 8147 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਗਈ, ਜੋ ਸਾਰੀ ਦੀ ਸਾਰੀ ਨਿੱਜੀ ਵਪਾਰੀਆਂ ਨੇ ਖ਼ਰੀਦ ਕੀਤੀ ਹੈ। ਅਨਾਜ ਮੰਡੀ ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਤੁਗਲਕੀ ਫੁਰਮਾਨ ’ਚ ਕਾਲਾ ਦਾਣਾ, ਸਫੈਦ ਦਾਣਾ ਤੇ ਮਾਜੂ ਦਾਣੇ ਦੇ ਭਾਅ ’ਚ 5.50 ਰੁਪਏ ਪ੍ਰਤੀ ਕੁਇੰਟਲ ਤੋਂ ਲੈ ਕੇ 37 ਰੁਪਏ ਪ੍ਰਤੀ ਕੁਇੰਟਲ ਦੇ ਫ਼ਸਲ ’ਤੇ ਕੱਟ ਕਿਸਾਨਾਂ ਨੇ ਖੰਨਾ ਮੰਡੀ ’ਚ ਫ਼ਸਲ ਵੇਚਣ ਤੋਂ ਇਨਕਾਰ ਕਰ ਦਿੱਤਾ।
ਹਲਕਾ ਵਿਧਾਇਕ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਇਹ ਤਾਂ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ ਕਿਉਂਕਿ ਇੱਕ ਪਾਸੇ ਕੁਦਰਤ ਦਾ ਕਹਿਰ ਹੈ ਤੇ ਹੁਣ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ। ਕੇਂਦਰ ਸਰਕਾਰ ਬਿਨਾਂ ਕੱਟ ਲਗਾਏ ਪੂਰੀ-ਪੂਰੀ ਕੀਮਤ ’ਤੇ ਕਣਕ ਦੀ ਖ਼ਰੀਦ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਪੂਰੇ ਪੈਸੇ ਮਿਲਣੇ ਚਾਹੀਦੇ ਹਨ। ਸੌਂਦ ਨੇ ਕਿਹਾ ਕਿ ਸਰਕਾਰ ਵਲੋਂ ਪੰਜਾਬ ਅੰਦਰ ਕਣਕ ਦੇ ਖ਼ਰੀਦ ਪ੍ਰਬੰਧਾਂ ਨੂੰ ਮੁਕੰਮਲ ਕਰ ਲਿਆ ਹੈ।