ਚੰਡੀਗੜ੍ਹ : ਪੀ. ਜੀ. ਆਈ. ਨੇ ਉਕਤ ਸਕੀਮ ਤਹਿਤ ਪੰਜਾਬ ਤੋਂ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦਾ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਪੀ. ਜੀ. ਆਈ. ਨੂੰ 21 ਦਸੰਬਰ, 2021 ਤੋਂ ਮਰੀਜ਼ਾਂ ਦੇ ਇਲਾਜ ਦੇ 16 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜੀ. ਐੱਮ. ਸੀ. ਐੱਚ. ਨੇ ਵੀ ਆਯੂਸ਼ਮਾਨ ਯੋਜਨਾ ਤਹਿਤ ਮਰੀਜ਼ਾਂ ਦਾ ਇਲਾਜ ਕਰਨਾ ਬੰਦ ਕਰ ਦਿੱਤਾ ਸੀ।
ਪੀ. ਜੀ. ਆਈ. ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪੰਜਾਬ ਤੋਂ ਔਸਤਨ ਹਰ ਮਹੀਨੇ 1200 ਤੋਂ 1400 ਮਰੀਜ਼ ਇਸ ਯੋਜਨਾ ਤਹਿਤ ਇਲਾਜ ਕਰਵਾਉਣ ਆਉਂਦੇ ਹਨ। ਪੀ. ਜੀ. ਆਈ. ਹੁਣ ਤੱਕ ਮਰੀਜ਼ਾਂ ਦਾ ਇਲਾਜ ਕਰ ਰਿਹਾ ਸੀ ਪਰ ਪੰਜਾਬ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਪੀ. ਜੀ. ਆਈ. ਨੇ 1 ਅਗਸਤ ਤੋਂ ਇਸ ਯੋਜਨਾ ਤਹਿਤ ਪੰਜਾਬ ਤੋਂ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਆਯੂਸ਼ਮਾਨ ਯੋਜਨਾ ਤਹਿਤ ਮਰੀਜ਼ ਦਾ 5 ਲੱਖ ਤੱਕ ਦਾ ਇਲਾਜ ਮੁਫ਼ਤ ਹੁੰਦਾ ਹੈ। ਪੀ. ਜੀ. ਆਈ. ‘ਚ ਇਸ ਯੋਜਨਾ ਤਹਿਤ ਕੈਂਸਰ ਦੇ ਮਰੀਜ਼ਾਂ ਦੀ ਕੀਮੋਥੈਰੇਪੀ ਵੀ ਕੀਤੀ ਜਾਂਦੀ ਹੈ, ਜੋ ਕਿ 21 ਦਿਨਾਂ ਬਾਅਦ ਕਰਵਾਉਣੀ ਹੁੰਦੀ ਹੈ। ਜੇਕਰ ਸਰਕਾਰ ਵੱਲੋਂ ਪੈਸੇ ਨਹੀਂ ਆਉਂਦੇ ਤਾਂ ਮਰੀਜ਼ ਦੀ ਕੀਮੋਥੈਰੇਪੀ ਨਹੀਂ ਹੋ ਸਕੇਗੀ ਅਤੇ ਮਰੀਜ਼ਾਂ ਨੂੰ ਭਾਰੀ ਮੁਸ਼ਕਲ ਆ ਸਕਦੀ ਹੈ। ਪੰਜਾਬ ਦੇ ਨਿੱਜੀ ਹਸਪਤਾਲਾਂ ਵੱਲੋਂ ਬਹੁਤ ਸਮਾਂ ਪਹਿਲਾਂ ਹੀ ਇਸ ਯੋਜਨਾ ਤਹਿਤ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਗਿਆ ਸੀ।