ਲੁਧਿਆਣਾ : ਨਗਰ ਨਿਗਮ ਮੁਲਾਜ਼ਮਾਂ ਨੂੰ ਹੁਣ ਡਿਜੀਟਲ ਹਾਜ਼ਰੀ ਲਗਾਉਣ ’ਤੇ ਹੀ ਤਨਖ਼ਾਹ ਮਿਲੇਗੀ। ਇਸ ਸਬੰਧੀ ਹੁਕਮ ਕਮਿਸ਼ਨਰ ਸ਼ੇਨਾ ਅਗਰਵਾਲ ਵਲੋਂ ਜਾਰੀ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਨਗਰ ਨਿਗਮ ਮੁਲਾਜ਼ਮਾਂ ਦੇ ਸਵੇਰੇ ਦੇਰ ਨਾਲ ਡਿਊਟੀ ’ਤੇ ਆਉਣ ਜਾਂ ਦਿਨ ਭਰ ਦਫ਼ਤਰ ‘ਚ ਹਾਜ਼ਰ ਨਾ ਰਹਿਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਕੰਮ-ਕਾਜ ਲਈ ਨਗਰ ਨਿਗਮ ’ਚ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਦੇ ਮੱਦੇਨਜ਼ਰ ਸਾਰੇ ਮੁਲਾਜ਼ਮਾਂ ਲਈ ਫੇਸ ਰਿਕੋਗਨਾਈਜ਼ ਸਿਸਟਮ ਜ਼ਰੀਏ ਹਾਜ਼ਰੀ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ।
ਮੌਜੂਦਾ ਸਮੇਂ ਦੌਰਾਨ ਡਿਜੀਟਲ ਹਾਜ਼ਰੀ ਦਾ ਸਿਸਟਮ ਸਿਰਫ ਚਾਰੇ ਜ਼ੋਨਾਂ ਦੇ ਮੁੱਖ ਦਫ਼ਤਰਾਂ ਵਿਚ ਹੀ ਚੱਲ ਰਿਹਾ ਸੀ, ਜਿਸ ਦੌਰਾਨ ਸਬ-ਜ਼ੋਨ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਮੌਜ ਲੱਗੀ ਹੋਈ ਸੀ। ਫੇਸ ਰਿਕੋਗਨਾਈਜ਼ ਸਿਸਟਮ ਜ਼ਰੀਏ ਹਾਜ਼ਰੀ ਨਾ ਲਗਾਉਣ ਵਾਲੇ ਮੁਲਾਜ਼ਮਾਂ ਦੀ ਪੂਰੇ ਦਿਨ ਦੀ ਛੁੱਟੀ ਮਾਰਕ ਕੀਤੀ ਜਾਵੇਗੀ ਅਤੇ ਲੇਟ ਹਾਜ਼ਰੀ ਲਗਾਉਣ ’ਤੇ ਅੱਧੇ ਦਿਨ ਦੀ ਛੁੱਟੀ ਦੀ ਰਿਪੋਰਟ ਜਾਰੀ ਕੀਤੀ ਜਾਵੇਗੀ।
ਕਮਿਸ਼ਨਰ ਵੱਲੋਂ ਆਊਟ ਸੋਰਸਿੰਗ ਕੰਪਨੀ ਜ਼ਰੀਏ ਰੱਖੇ ਸਟਾਫ਼ ਦੀ ਹਾਜ਼ਰੀ ਲਗਾਉਣ ਦੀ ਆੜ ਵਿਚ ਹੋ ਰਹੇ ਫਰਜ਼ੀਵਾੜੇ ’ਤੇ ਰੋਕ ਲਗਾਉਣ ਲਈ ਫੁੱਲ ਪਰੂਫ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਆਊਟ ਸੋਰਸਿੰਗ ਕੰਪਨੀ ਜ਼ਰੀਏ ਰੱਖੇ ਸਟਾਫ਼ ਅਤੇ ਡਾਟਾ ਐਂਟਰੀ ਆਪਰੇਟਰਾਂ ਦੀ ਹਾਜ਼ਰੀ ਦੀ ਵੈਰੀਫਿਕੇਸ਼ਨ ਹੁਣ ਜ਼ੋਨਲ ਕਮਿਸ਼ਨਰਾਂ ਵੱਲੋਂ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੀ ਉਨ੍ਹਾਂ ਦੀ ਸੈਲਰੀ ਜਾਰੀ ਕੀਤੀ ਜਾਵੇਗੀ।